ਲੁਧਿਆਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਖੰਨਾ ਵਿੱਚ ਵੱਡਾ ਜਨ-ਸਮਰਥਨ ਮਿਲਿਆ ਜਿੱਥੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਣ ਦੇ ਉਦੇਸ਼ ਨਾਲ ਕਰੀਬ 4 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ।
ਇਹ ਮੈਰਾਥਨ ਦਫਤਰ ਐਸ.ਐਸ.ਪੀ ਖੰਨਾ ਤੋਂ ਸ਼ੁਰੂ ਹੋਈ ਜਿਸ ਨੂੰ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਖ਼ੁਦ ਵੀ ਦੌੜ ਲਗਾਈ ਗਈ। ਇਸ ਮੈਰਾਥਨ ਵਿੱਚ ਸੀਨੀਅਰ ਪੁਲਿਸ ਕਪਤਾਨ ਖੰਨਾ ਡਾ. ਦਰਪਣ ਆਹਲੂਵਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਪੁਲਿਸ ਟੀਮ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਖੰਨਾ ਸ਼ਹਿਰ ਅਤੇ ਪਿੰਡਾਂ ਦੇ ਨੌਜਵਾਨਾਂ ਅਤੇ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਦੌੜਾਕਾਂ ਨੇ ਇਸ ਮੈਰਾਥਨ ਵਿੱਚ ਭਾਗ ਲਿਆ। ਉਨ੍ਹਾਂ ਕਿਹਾ ਕਿ ਇਹ ਦੌੜ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵੱਲ ਇੱਕ ਮਜ਼ਬੂਤ ਸਮੂਹਿਕ ਕਦਮ ਹੈ। ਉਨ੍ਹਾਂ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਨਸ਼ਾ ਮੁਕਤ ਪੰਜਾਬ ਲਈ ਜਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ‘ਰੋਕਥਾਮ’ ਤਹਿਤ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੈਰਾਥਨ ਵਰਗੇ ਖੇਡ ਸਮਾਗਮ ਨੌਜਵਾਨਾਂ ਵਿੱਚ ਟੀਮ ਵਰਕ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰਫੁੱਲਿਤ ਕਰਦੇ ਹਨ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਇਹ ਮੈਰਾਥਨ ਸਿਰਫ਼ ਇੱਕ ਦੌੜ ਨਹੀਂ ਸੀ ਬਲਕਿ ਨਸ਼ਿਆਂ ਦੇ ਖ਼ਤਰਿਆਂ ਖ਼ਿਲਾਫ਼ ਇਕ ਸਾਂਝਾ ਸੰਦੇਸ਼ ਸੀ। ਪੁਲਿਸ ਪ੍ਰਸ਼ਾਸਨ ਖੰਨਾ ਵੱਲੋਂ ਕੀਤੀ ਗਈ ਇਹ ਪਹਿਲ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਚਨਬੱਧਤਾ ਦਾ ਪ੍ਰਗਟਾਵਾ ਹੈ।
ਮੈਰਾਥਨ ਦੌਰਾਨ ਵਿਦਿਆਰਥੀਆਂ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਵਿੱਚ ਭਰਪੂਰ ਉਤਸ਼ਾਹਪੂਰਣ ਮਾਹੌਲ ਦੇਖਣ ਨੂੰ ਮਿਲਿਆ। ਖੰਨਾ ਵਾਸੀਆਂ ਨੇ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸਮਾਗਮ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ‘ਤੇ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਉਹ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ।
ਅੰਤ ਵਿੱਚ ਇਹ ਮੈਰਾਥਨ ਨਸ਼ਾ ਮੁਕਤ ਪੰਜਾਬ ਵੱਲ ਇੱਕ ਮਜ਼ਬੂਤ ਕਦਮ ਵਜੋਂ ਸਾਬਤ ਹੋਈ ਜਿਸ ਨੇ ਸਾਬਤ ਕਰ ਦਿੱਤਾ ਕਿ ਜਦੋਂ ਸਮਾਜ ਇਕੱਠਾ ਹੁੰਦਾ ਹੈ ਤਾਂ ਕੋਈ ਵੀ ਮੁਹਿੰਮ ਕਾਮਯਾਬੀ ਤੋਂ ਦੂਰ ਨਹੀਂ ਰਹਿੰਦੀ।
