ਅਕਸਰ ਹੀ ਨੌਜਵਾਨ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਅਤੇ ਪੰਜਾਬ ਵਿਖੇ ਵਿਦੇਸ਼ ਜਾਣ ਦਾ ਚਲਣ ਸਭ ਤੋਂ ਵੱਧ ਵੇਖਿਆ ਜਾ ਰਿਹਾ ਹੈ ਪਰ ਪਰਿਵਾਰ ਨੂੰ ਝਟਕਾ ਉਸ ਵੇਲੇ ਲੱਗਦਾ ਹੈ ਜਦੋ ਉਥੇ ਜਾ ਕੇ ਨੌਜਵਾਨ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿਖੇ ਵੇਖਣ ਨੂੰ ਮਿਲਿਆ ਜਿੱਥੋਂ ਦੇ ਪਿੰਡ ਧੁੱਪਸੜੀ ਦਾ ਇੱਕ ਨੌਜਵਾਨ ਜੋ ਕਰੀਬ 2 ਸਾਲ ਪਹਿਲਾ ਹੀ ਅਮਰੀਕਾ ਗਿਆ ਸੀ ਤੇ ਉੱਥੇ ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ 40 ਸਾਲਾਂ ਪੁੱਤ ਅਮਨਦੀਪ ਸਿੰਘ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਕੰਮ ਕਰਨ ਦੇ ਲਈ ਗਿਆ ਸੀ, ਪਰ ਉੱਥੇ ਉਸ ਨਾਲ ਇਹ ਮੰਦਭਾਗਾ ਭਾਣਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਘਰ ਦੇ ਵਿੱਚ ਇਕੱਲਾ ਹੀ ਕਮਾਈ ਕਰਨ ਵਾਲਾ ਸੀ ਜਿਸ ਦੇ ਨਾਲ ਪੂਰਾ ਪਰਿਵਾਰ ਚੱਲ ਰਿਹਾ ਸੀ। ਨੌਜਵਾਨ ਪੁੱਤ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਉਹਨਾਂ ਦੱਸਿਆ ਕਿ ਮ੍ਰਿਤਕ ਮ੍ਰਿਤਕ ਦੀ 9 ਸਾਲਾਂ ਦੀ ਧੀ ਅਤੇ 2 ਸਾਲ ਦਾ ਬੇਟਾ ਹੈ। ਮਾਸੂਮ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ਸਾਇਆ ਉੱਠ ਚੁੱਕਿਆ ਹੈ। ਇਸ ਮੌਕੇ ਉਹਨਾਂ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਉਸਦੀ ਅੰਤਿਮ ਅਰਦਾਸ ਕਰ ਸਕੇ।