ਅੰਬਾਲਾ ਦੇ ਨਰਾਇਣਗੜ੍ਹ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਰਾਤ ਨੂੰ ਸਾਬਕਾ ਫੌਜੀ ਨੇ ਘਰ ‘ਚ ਹੰਗਾਮਾ ਕਰ ਦਿੱਤਾ। ਨਰਾਇਣਗੜ੍ਹ ਦੇ ਪਿੰਡ ਪੀਰ ਮਾਜਰੀ ਰਤੋਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਿਪਾਹੀ ਭੂਸ਼ਨ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਕੋਲ ਦੋ-ਦੋ ਏਕੜ ਜ਼ਮੀਨ ਸੀ। ਇਸ ਦੇ ਰਸਤੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕਈ ਵਾਰ ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਤਕਰਾਰ ਹੋਈ ਸੀ। ਮੁਲਜ਼ਮ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਆਪਣੀ ਭਤੀਜੀ, ਭਤੀਜੇ ਅਤੇ ਭਰਜਾਈ ਨਾਲ ਮਿਲ ਕੇ ਆਪਣੇ ਭਰਾ, ਮਾਂ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ।

ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਭਰਾ ਦੀ ਇਕ ਬੇਟੀ ਗੰਭੀਰ ਜ਼ਖਮੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਸੁਰਿੰਦਰ ਸਿੰਘ ਭੌਰੀਆ ਰਾਤ 3 ਵਜੇ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਕਾਤਲ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜਿਸ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਨਰਾਇਣਗੜ੍ਹ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਛਾਉਣੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਨਾਲ ਹੀ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ। ਜਦਕਿ ਮ੍ਰਿਤਕਾ ਦੀ ਇੱਕ ਬੇਟੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, ਬੇਟੀ 5 ਸਾਲਾ ਯਸ਼ਿਕਾ ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ।