ਦੇਹਰਾਦੂਨ: ਮਸ਼ਹੂਰ ਬਿਲਡਰ ਸਤਿੰਦਰ ਸਿੰਘ ਉਰਫ ਬਾਬਾ ਸਾਹਨੀ ਨੇ ਸ਼ੁਕਰਵਾਰ ਨੂੰ ਦੇਹਰਾਦੂਨ ਦੀ ਇਕ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਮ੍ਰਿਤਕ ਬਾਬਾ ਸਾਹਨੀ (59) ਦੇ ਪੁੱਤਰ ਰਣਵੀਰ ਸਿੰਘ ਦੀ ਸ਼ਿਕਾਇਤ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਵਲੋਂ ਲਿਖੇ ਨੋਟ ਦੇ ਆਧਾਰ ’ਤੇ ਪੁਲਿਸ ਨੇ ਗੁਪਤਾ ਭਰਾਵਾਂ (ਅਨਿਲ ਗੁਪਤਾ ਅਤੇ ਅਜੇ ਗੁਪਤਾ) ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਰਾਜਪੁਰ ’ਚ ਪੈਸੀਫਿਕ ਗੋਲਫ ਸਟੇਟ ਇਮਾਰਤ ਨੇੜੇ ਇਕ ਜ਼ਖਮੀ ਵਿਅਕਤੀ ਦੇ ਬੇਹੋਸ਼ ਪਏ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮ ਸਵੇਰੇ 11:30 ਵਜੇ ਮੌਕੇ ’ਤੇ ਪਹੁੰਚੇ। ਰੇਸ ਕੋਰਸ ਇਲਾਕੇ ’ਚ ਰਹਿਣ ਵਾਲੇ ਬਿਲਡਰ ਸਾਹਨੀ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਸਾਹਨੀ ਨੂੰ ਉਸ ਦੇ ਬੇਟੇ ਵਲੋਂ ਨਿੱਜੀ ਮੈਕਸ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਰਣਵੀਰ ਸਿੰਘ ਨੇ ਗੁਪਤਾ ਭਰਾਵਾਂ ’ਤੇ ਉਸ ਦੇ ਪਿਤਾ ਨੂੰ ਡਰਾਉਣ, ਧਮਕਾਉਣ ਅਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਬਾਬਾ ਸਾਹਨੀ ਨੇ ਪਹਿਲਾਂ ਵੀ ਪੁਲਿਸ ਨੂੰ ਇਕ ਅਰਜ਼ੀ ਦਿਤੀ ਸੀ ਜਿਸ ’ਚ ਸ਼ਿਕਾਇਤ ਕੀਤੀ ਗਈ ਸੀ ਕਿ ਗੁਪਤਾ ਭਰਾ ਉਨ੍ਹਾਂ ਦੇ ਇਕ ਪ੍ਰਾਜੈਕਟ ਲਈ ਉਨ੍ਹਾਂ ’ਤੇ ਬੇਲੋੜਾ ਦਬਾਅ ਪਾ ਰਹੇ ਹਨ। ਪੁਲਿਸ ਨੇ ਦਸਿਆ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ਹਿਰ ਦੇ ਪੁਲਿਸ ਸੁਪਰਡੈਂਟ ਵਲੋਂ ਕੀਤੀ ਜਾ ਰਹੀ ਹੈ।
ਰਣਵੀਰ ਸਿੰਘ ਨੇ ਅਪਣੀ ਸ਼ਿਕਾਇਤ ’ਚ ਇਹ ਵੀ ਕਿਹਾ ਕਿ ਗੁਪਤਾ ਭਰਾਵਾਂ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਉਸ ਦੇ ਪਿਤਾ ਵਿਰੁਧ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਹ ਸਾਹਨੀ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਉਸ ਦੀਆਂ ਦੋਹਾਂ ਕੰਪਨੀਆਂ ਨੂੰ ਉਨ੍ਹਾਂ ਦੇ ਨਾਮ ਕਰ ਦੇਣ ਨਹੀਂ ਤਾਂ ਉਸ ਨੂੰ ਅਤੇ ਉਸ ਦੇ ਜਵਾਈ ਨੂੰ ਝੂਠੇ ਕੇਸ ’ਚ ਫਸਾ ਦੇਣ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਲਿਖੇ ਬਿਲਡਰ ਦੇ ਨੋਟ ਅਤੇ ਉਸ ਦੇ ਬੇਟੇ ਦੀ ਸ਼ਿਕਾਇਤ ਦੇ ਆਧਾਰ ’ਤੇ ਗੁਪਤਾ ਭਰਾਵਾਂ ਵਿਰੁਧ ਥਾਣਾ ਰਾਜਪੁਰ ’ਚ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।