ਵਾਸ਼ਿੰਗਟਨ : ਅਮਰੀਕਾ-ਈਰਾਨ ਸਮਝੌਤੇ ਲਈ ਇਸਲਾਮਾਬਾਦ ਵਿੱਚ ਦੂਜੇ ਦੌਰ ਦੀ ਗੱਲਬਾਤ ਤੋਂ ਠੀਕ ਪਹਿਲਾਂ ਤਣਾਅ ਫਿਰ ਤੋਂ ਸਿਖਰ ‘ਤੇ ਪਹੁੰਚ ਗਿਆ ਹੈ। ਅਮਰੀਕਾ ਨੇ ਈਰਾਨ ਦੇ ਇੱਕ ਮਾਲਵਾਹਕ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਰਾਸ਼ਟਰਪਤੀ ਟਰੰਪ ਦੇ ਮੁਤਾਬਕ ‘ਟੌਸਕਾ’ ਨਾਮਕ ਇਹ ਜਹਾਜ਼ ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਅਮਰੀਕੀ ਡੈਸਟ੍ਰੋਇਰ USS ਸਪ੍ਰੂਅੰਸ (USS Spruance) ਨੇ ਰੋਕਿਆ।
ਟਰੰਪ ਦੇ ਅਨੁਸਾਰ, ਜਹਾਜ਼ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਬਾਅਦ ਅਮਰੀਕੀ ਮਰੀਨ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਇਸ ਵੇਲੇ ਜਹਾਜ਼ ਸਾਡੇ ਕਬਜ਼ੇ ਵਿੱਚ ਹੈ। ਅਸੀਂ ਪੂਰੀ ਤਰ੍ਹਾਂ ਇਸ ਨੂੰ ਕੰਟਰੋਲ ਵਿੱਚ ਲੈ ਕੇ ਦੇਖ ਰਹੇ ਹਾਂ ਕਿ ਇਸ ਦੇ ਅੰਦਰ ਕੀ ਹੈ।”
ਦੂਜੇ ਪਾਸੇ, ਈਰਾਨ ਦੇ ਹਜ਼ਰਤ ਖਾਤਮ ਅਲ-ਅਨਬੀਆ ਫੌਜੀ ਮੁੱਖ ਦਫ਼ਤਰ ਨੇ ਕਿਹਾ ਕਿ ਅਮਰੀਕਾ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਓਮਾਨ ਦੀ ਖਾੜੀ ਵਿੱਚ ਈਰਾਨ ਦੇ ਇੱਕ ਵਪਾਰਕ ਜਹਾਜ਼ ‘ਤੇ ਫਾਇਰਿੰਗ ਕੀਤੀ, ਜਿਸ ਨਾਲ ਉਸ ਦਾ ਨੇਵੀਗੇਸ਼ਨ ਸਿਸਟਮ ਖ਼ਰਾਬ ਹੋ ਗਿਆ। ਤਸਨੀਮ ਮੀਡੀਆ ਦੇ ਅਨੁਸਾਰ, ਇਹ ਜਹਾਜ਼ ਚੀਨ ਤੋਂ ਈਰਾਨ ਜਾ ਰਿਹਾ ਸੀ। ਈਰਾਨ ਨੇ ਇਸ ਨੂੰ ‘ਸਮੁੰਦਰੀ ਡਾਕੂਪੁਣਾ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਜਲਦ ਹੀ ਇਸ ਦਾ ਜਵਾਬ ਦੇਣਗੇ।
ਇਰਾਨ ਨੇ ਕਿਹਾ ਕਿ “ਅਸੀਂ ਚੇਤਾਵਨੀ ਦਿੰਦੇ ਹਾਂ ਕਿ ਇਸਲਾਮੀ ਗਣਰਾਜ ਇਰਾਨ ਦੀਆਂ ਹਥਿਆਰਬੰਦ ਸੈਨਾਵਾਂ ਜਲਦੀ ਹੀ ਅਮਰੀਕੀ ਫੌਜ ਦੀ ਇਸ ਹਥਿਆਰਬੰਦ ਲੁੱਟ ਦਾ ਜਵਾਬ ਦੇਣਗੀਆਂ ਅਤੇ ਜਵਾਬੀ ਕਾਰਵਾਈ ਕਰਨਗੀਆਂ।
ਦੱਸ ਦਈਏ ਕਿ ਅਮਰੀਕਾ ਅਤੇ ਇਰਾਨ ਵਿਚਾਲੇ 22 ਅਪ੍ਰੈਲ ਨੂੰ ਸੀਜ਼ਫਾਇਰ ਖਤਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਇਰਾਨ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਦੂਜੇ ਦੌਰ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ। ਇਰਾਨ ਦਾ ਦੋਸ਼ ਹੈ ਕਿ ਅਮਰੀਕਾ ਦੀਆਂ ਵਧੇਰੇ ਮੰਗਾਂ, ਅਵਿਵਹਾਰਕ ਸ਼ਰਤਾਂ, ਵਾਰ-ਵਾਰ ਬਦਲਦਾ ਰਵੱਈਆ ਅਤੇ ਲਗਾਤਾਰ ਵਿਰੋਧਾਭਾਸ ਗੱਲਬਾਤ ਵਿੱਚ ਰੁਕਾਵਟ ਪਾ ਰਹੇ ਹਨ। ਇਰਾਨ ਨੇ ਅਮਰੀਕਾ ‘ਤੇ ਝੂਠ ਫੈਲਾਉਣ ਦਾ ਵੀ ਦੋਸ਼ ਲਗਾਇਆ ਹੈ।
