ਤੇਹਰਾਨ : ਅਮਰੀਕਾ ਅਤੇ ਇਰਾਨ ਜੰਗਬੰਦੀ ਸਮਝੌਤੇ ਲਈ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਲਾਮਿਕ ਰਿਪਬਲਿਕ ਆਫ਼ ਇਰਾਨ ਨਾਲ ਸ਼ਾਂਤੀ ਸਮਝੌਤਾ ਪੂਰਾ ਹੋਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਇਰਾਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਨਾਲ ਕਈ ਮਹੀਨਿਆਂ ਤੱਕ ਚੱਲੀ ਲੰਮੀ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਡੀਲ ਯਾਨੀ MoU ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਦੋਵੇਂ ਦੇਸ਼ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜੇਨੇਵਾ ਵਿੱਚ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜੰਗ ਖ਼ਤਮ ਹੋਣ ਦਾ ਐਲਾਨ ਕਰਦਿਆਂ ਲਿਖਿਆ ਕਿ ਇਰਾਨ ਨਾਲ ਸਮਝੌਤਾ ਪੂਰੀ ਤਰ੍ਹਾਂ ਹੋ ਗਿਆ ਹੈ। ਸਾਰਿਆਂ ਨੂੰ ਵਧਾਈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਹੁਣ ‘ਸਟ੍ਰੇਟ ਆਫ ਹਾਰਮੁਜ਼’ਖੁੱਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉੱਥੇ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਵੀ ਖ਼ਤਮ ਹੋਵੇਗੀ।
ਇਸ ਡੀਲ ‘ਤੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਵਿੱਚ ਮੋਹਰ ਲੱਗੇਗੀ ਅਤੇ ਇਰਾਨ ਵੱਲੋਂ ਵੀ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ‘ਤੇ ਮੋਹਰ ਲੱਗਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ 60 ਦਿਨਾਂ ਦੀ ਜੰਗਬੰਦੀ ਸ਼ੁਰੂ ਹੋ ਜਾਵੇਗੀ ਅਤੇ ਦੋਵੇਂ ਦੇਸ਼ ਪਰਮਾਣੂ ਸਮਝੌਤੇ ਲਈ ਗੱਲਬਾਤ ਕਰਨਗੇ।
ਸੋਸ਼ਲ ਮੀਡੀਆ ਪਲੇਟਫਾਰਮ ‘Truth’ ‘ਤੇ ਟਰੰਪ ਨੇ ਕਿਹਾ ਕਿ ਮੈਂ ਇਸ ਸਮਝੌਤੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਾ ਹਾਂ। ਹਾਲਾਂਕਿ, ਅਜੇ ਇਸ ਡੀਲ ਨੂੰ ਲੈ ਕੇ ਇਰਾਨ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ। ਟਰੰਪ ਦੇ ਐਲਾਨ ਦੇ ਕੁਝ ਦੇਰ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਕਰ ਰਹੇ ਪਾਕਿਸਤਾਨ ਨੇ ਵੀ ਸਮਝੌਤਾ ਮੁਕੰਮਲ ਹੋਣ ਦੀ ਗੱਲ ਕਹੀ ਹੈ।
ਟਰੰਪ ਨੇ ਕਿਹਾ ਕਿ ਮੈਂ ‘ਸਟ੍ਰੇਟ ਆਫ ਹਾਰਮੁਜ਼’ ਨੂੰ ਟੋਲ-ਫ੍ਰੀ (ਮੁਫ਼ਤ) ਖੋਲ੍ਹਣ ਦਾ ਐਲਾਨ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਅਮਰੀਕੀ ਜਲ ਸੈਨਾ (ਨੇਵੀ) ਨੂੰ ਹਾਰਮੁਜ਼ ਤੋਂ ਹਟਾ ਰਿਹਾ ਹਾਂ। ਦੁਨੀਆ ਦੇ ਜਹਾਜ਼ ਹੁਣ ਆਪਣਾ ਇੰਜਣ ਸਟਾਰਟ ਕਰ ਲੈਣ। ਹੁਣ ਤੇਲ ਦੇ ਕਾਰੋਬਾਰ ਨੂੰ ਚੱਲਣ ਦਿਓ। ਟਰੰਪ ਨੇ ਇੱਕ ਦੂਜੀ ਪੋਸਟ ਵਿੱਚ ਦੱਸਿਆ ਹੈ ਕਿ ਹਾਰਮੁਜ਼ ਸ਼ੁੱਕਰਵਾਰ ਤੋਂ ਖੁੱਲ੍ਹੇਗਾ ਜਦੋਂ ਇਸ ਸਮਝੌਤੇ ‘ਤੇ ਰਸਮੀ ਤੌਰ ‘ਤੇ ਮੋਹਰ ਲੱਗ ਜਾਵੇਗੀ।
ਇਰਾਨ ਦੇ ਉਪ-ਵਿਦੇਸ਼ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਣ ਜਾ ਰਹੇ ਸਮਝੌਤੇ (MoU) ਤੋਂ ਬਾਅਦ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਹੋਣ ਵਾਲੀ 60 ਦਿਨਾਂ ਦੀ ਗੱਲਬਾਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਅਮਰੀਕਾ ਤਿੰਨ ਵਾਅਦੇ ਪੂਰੇ ਕਰੇ, ਖਾਸ ਕਰਕੇ ਇਰਾਨ ਦੇ ਫ੍ਰੀਜ਼ (ਜ਼ਬਤ) ਕੀਤੇ ਗਏ ਅਰਬਾਂ ਡਾਲਰ ਦੇ ਫੰਡਾਂ ਨੂੰ ਜਾਰੀ ਕਰਨਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਡੀਲ ਦੇ ਹੋਣ ਤੋਂ ਬਾਅਦ ‘ਐਕਸ’ (X) ‘ਤੇ ਲਿਖਿਆ ਕਿ ਕਾਫੀ ਲੰਮੀ ਗੱਲਬਾਤ ਤੋਂ ਬਾਅਦ ਸਾਨੂੰ ਇਸ ਗੱਲ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਅਮਨ ਸਮਝੌਤਾ (ਸ਼ਾਂਤੀ ਸਮਝੌਤਾ) ਹੋ ਗਿਆ ਹੈ।
