ਲੰਦਨ: ਵੂਲਵਰਹੈਂਪਟਨ ਦੇ ਇੱਕ ਸਿੱਖ ਪ੍ਰਵਾਰ ’ਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ, ਜਿਸ ਵਿਚ 26 ਸਾਲਾਂ ਦੇ ਇੱਕ ਵਿਅਕਤੀ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਨੇ ਪਟਰੌਲ ਛਿੜਕ ਕੇ ਪ੍ਰਵਾਰ ਦੇ ਘਰ ਨੂੰ ਅੱਗ ਲਾ ਦਿਤੀ। ਘਰ ਨੇੜਿਓਂ ਪਟਰੌਲ ਦਾ ਕਨੱਸਤਰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਸਿੱਖ ਨੌਜਵਾਨ ਦੇ ਕਤਲ ਨਾਲ ਸਬੰਧਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸੀਸੀਟੀਵੀ ਦੀ ਫ਼ੁਟੇਜ ਅਧਿਕਾਰੀਆਂ ਨੇ ਅਪਣੇ ਕਬਜ਼ੇ ’ਚ ਲੈ ਲਈ ਹੈ ਤੇ ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਉਸ ਨੂੰ ਜੱਗ ਜ਼ਾਹਿਰ ਵੀ ਕਰ ਦਿਤਾ ਹੈ।
ਸੀਸੀਟੀਵੀ ਦੀ ਫ਼ੁਟੇਜ ’ਚ ਪਲਾਸਕੌਮ ਰੋਡ, ਈਸਟ ਪਾਰਕ ਨੇੜੇ ਰਾਤੀਂ 1 ਵਜੇ ਕਾਲੇ ਵਿਅਕਤੀਆਂ ਵਾਲਾ ਇਕ ਵਿਅਕਤੀ ਗ੍ਰਾਊਂਡ ਫ਼ਲੋਰ ’ਤੇ ਸਿੱਖ ਪ੍ਰਵਾਰ ਦੇ ਮਕਾਨ ਦੀ ਖਿੜਕੀ ਕੋਲ ਆ ਕੇ ਪਟਰੌਲ ਛਿੜਕਦਾ ਦਿਸਦਾ ਹੈ। ਉਸ ਕੋਲ ਕਨੱਸਤਰ ਵੀ ਹੈ। ਫਿਰ ਉਹ ਮਕਾਨ ਨੂੰ ਅੱਗ ਲਾ ਦਿੰਦਾ ਹੈ ਤੇ ਤੁਰਤ ਅੱਗ ਦੀਆਂ ਉਚੀਆਂ ਲਾਟਾਂ ਉਠਦੀਆਂ ਦਿਸਦੀਆਂ ਹਨ। ਫਿਰ ਉਹ ਨੱਸ ਜਾਂਦਾ ਹੈ।

ਉਸ ਵੇਲੇ ਘਰ ’ਚ ਪ੍ਰਵਾਰ ਦੇ ਪੰਜ ਮੈਂਬਰ ਸਨ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਬਾਕੀਆਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਉਨ੍ਹਾਂ ’ਚੋਂ 52 ਸਾਲਾਂ ਦੀ ਇਕ ਔਰਤ ਅਤੇ 16 ਸਾਲਾਂ ਦੇ ਇਕ ਲੜਕੇ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਉਨ੍ਹਾਂ ’ਚੋਂ 50 ਕੁ ਸਾਲਾਂ ਦੇ ਇਕ ਵਿਅਕਤੀ ਤੇ 20 ਸਾਲਾਂ ਦੇ ਇਕ ਨੌਜਵਾਨ ਨੂੰ ਹਸਪਤਾਲ ਤੋਂ ਛੁਟੀ ਮਿਲ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਹਮਲੇ ’ਚ ਮਾਰਿਆ ਗਿਆ ਆਕਾਸ਼ਦੀਪ ਸਿੰਘ ਬਹੁਤ ਹੀ ਮਿਲਣਸਾਰ ਤੇ ਧਾਰਮਿਕ ਬਿਰਤੀ ਵਾਲਾ ਨੌਜਵਾਨ ਸੀ।