ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਫੈਸਲਿਆਂ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਟਰੰਪ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਡੀਸੀ ਮੈਟਰੋਪੋਲੀਟਨ ਪੁਲਿਸ ਵਿਭਾਗ ਦਾ ਨਿਯੰਤਰਣ ਸੰਭਾਲਣ ਲਈ ਡਿਸਟ੍ਰਿਕਟ ਆਫ਼ ਕੋਲੰਬੀਆ ਹੋਮ ਰੂਲ ਐਕਟ ਲਾਗੂ ਕਰ ਦਿੱਤਾ ਹੈ। ਇਹ ਇੱਕ ਬਹੁਤ ਹੀ ਅਸਾਧਾਰਣ ਅਤੇ ਵਿਵਾਦਪੂਰਨ ਕਦਮ ਹੈ। ਟਰੰਪ ਨੇ ਨਾਲ ਹੀ ਕਿਹਾ ਕਿ ਨੈਸ਼ਨਲ ਗਾਰਡ ਦੇ ਸੈਨਿਕਾਂ ਨੂੰ ਵਾਸ਼ਿੰਗਟਨ ਡੀਸੀ ਵਿੱਚ ‘ਕਾਨੂੰਨ, ਵਿਵਸਥਾ ਅਤੇ ਜਨਤਕ ਸੁਰੱਖਿਆ’ ਨੂੰ ਮੁੜ ਸਥਾਪਤ ਕਰਨ ਲਈ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੈਨਿਕਾਂ ਨੂੰ ਬਿਨਾਂ ਕਿਸੇ ਰੋਕਟੋਕ ਦੇ ਆਪਣੇ ਫਰਜ਼ ਨਿਭਾਉਣ ਦੀ ਇਜਾਜ਼ਤ ਹੋਵੇਗੀ।

‘ਰਾਜਧਾਨੀ ਹਿੰਸਕ ਅਪਰਾਧੀਆਂ ਦੇ ਕਬਜ਼ੇ ਵਿੱਚ’

ਟਰੰਪ ਨੇ ਵ੍ਹਾਈਟ ਹਾਊਸ ਵਿੱਚ ਮੀਡੀਆ ਨੂੰ ਕਿਹਾ, “ਮੈਂ ਵਾਸ਼ਿੰਗਟਨ ਡੀਸੀ ਵਿੱਚ ਕਾਨੂੰਨ-ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਮੁੜ ਸਥਾਪਤ ਕਰਨ ਲਈ ਨੈਸ਼ਨਲ ਗਾਰਡ ਦੀ ਤਾਇਨਾਤੀ ਕਰ ਰਿਹਾ ਹਾਂ।” ਉਨ੍ਹਾਂ ਦੇ ਨਾਲ ਰੱਖਿਆ ਸਕੱਤਰ ਪੀਟ ਹੈਗਸੈਥ ਅਤੇ ਅਟਾਰਨੀ ਜਨਰਲ ਪਾਮ ਬੌਂਡੀ ਸਮੇਤ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਟਰੰਪ ਨੇ ਅੱਗੇ ਕਿਹਾ, “ਸਾਡੀ ਰਾਜਧਾਨੀ ਹਿੰਸਕ ਗਿਰੋਹਾਂ ਅਤੇ ਖੂਨੀ ਅਪਰਾਧੀਆਂ ਦੇ ਕਬਜ਼ੇ ਵਿੱਚ ਹੈ।”

ਨੈਸ਼ਨਲ ਗਾਰਡ ਦੀਆਂ ਇਕਾਈਆਂ ਲੌਜਿਸਟਿਕਸ, ਆਵਾਜਾਈ ਅਤੇ ਹੋਰ ਕੰਮਾਂ ਵਿੱਚ ਮਦਦ ਕਰਨਗੀਆਂ। ਇਸ ਦਾ ਮਕਸਦ ਸਥਾਨਕ ਪੁਲਿਸ ਨੂੰ ਗ੍ਰਿਫਤਾਰੀਆਂ ਲਈ ਵਧੇਰੇ ਸਮਾਂ ਦੇਣਾ ਹੈ। ਇਹ ਕਦਮ ਇਸ ਸਾਲ ਦੀ ਸ਼ੁਰੂਆਤ ਵਿੱਚ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਸਮਾਨ ਹੈ, ਜੋ ਕੈਲੀਫੋਰਨੀਆ ਦੇ ਡੈਮੋਕਰੈਟ ਗਵਰਨਰ ਗੈਵਿਨ ਨਿਊਸਮ ਦੀ ਇੱਛਾ ’ਤੇ ਚੁੱਕਿਆ ਗਿਆ ਸੀ, ਜਿਸ ਕਾਰਨ ਕਈ ਦਿਨਾਂ ਤੱਕ ਵਿਰੋਧ ਪ੍ਰਦਰਸ਼ਨ ਹੋਏ ਸਨ।

ਟਰੰਪ ਇੱਕ ਦਹਾਕੇ ਪੁਰਾਣੇ ਕਾਨੂੰਨ ਅਧੀਨ ਮਿਲੀਆਂ ਐਮਰਜੈਂਸੀ ਸ਼ਕਤੀਆਂ ਦੇ ਤਹਿਤ ਸ਼ਹਿਰ ਦੇ ਪੁਲਿਸ ਵਿਭਾਗ ’ਤੇ ਅਸਥਾਈ ਤੌਰ ’ਤੇ ਨਿਯੰਤਰਣ ਹਾਸਲ ਕਰ ਸਕਦੇ ਹਨ। ਇਹ ਕਾਨੂੰਨ ਵਾਸ਼ਿੰਗਟਨ ਦੇ 7 ਲੱਖ ਤੋਂ ਵੱਧ ਨਿਵਾਸੀਆਂ ਨੂੰ ਮੇਅਰ ਅਤੇ ਨਗਰ ਪ੍ਰੀਸ਼ਦ ਮੈਂਬਰਾਂ ਨੂੰ ਚੁਣਨ ਦੀ ਸਿਆਸੀ ਸੁਤੰਤਰਤਾ ਦਿੰਦਾ ਹੈ। ਟਰੰਪ ਨੇ ਕਿਹਾ ਕਿ ਇਹ ਸੰਯੁਕਤ ਯਤਨ ਬੇਘਰਪੁਣੇ ਅਤੇ ਹਿੰਸਕ ਅਪਰਾਧ ਨੂੰ ਨਿਸ਼ਾਨਾ ਬਣਾਉਣ ਲਈ ਹੈ। ਉਨ੍ਹਾਂ ਨੇ ਕਿਹਾ, “ਤੁਸੀਂ ਆਪਣੇ ਅਪਾਰਟਮੈਂਟ ਜਾਂ ਘਰ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ, ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰੋ ਅਤੇ ਅਖਬਾਰ ਜਾਂ ਕੁਝ ਹੋਰ ਖਰੀਦਣ ਲਈ ਕਿਸੇ ਦੁਕਾਨ ’ਤੇ ਜਾਓ। ਅਜੇ ਤੁਹਾਡੇ ਕੋਲ ਇਹ ਸੁਰੱਖਿਆ ਨਹੀਂ ਹੈ।”

ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਸਾਈਟ ਟਰੂਥ ਸੋਸ਼ਲ ’ਤੇ ਲਿਖਿਆ, “ਬੇਘਰੇ ਲੋਕਾਂ ਨੂੰ ਤੁਰੰਤ ਬਾਹਰ ਕੱਢਣਾ ਪਵੇਗਾ। ਅਸੀਂ ਤੁਹਾਨੂੰ ਰਹਿਣ ਲਈ ਜਗ੍ਹਾ ਦੇਵਾਂਗੇ, ਪਰ ਰਾਜਧਾਨੀ ਤੋਂ ਦੂਰ। ਅਪਰਾਧੀਆਂ ਨੂੰ ਜੇਲ੍ਹ ਵਿੱਚ ਭੇਜਾਂਗੇ , ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ ਹੈ।” ਤੰਬੂਆਂ ਅਤੇ ਕੂੜੇ ਦੀਆਂ ਤਸਵੀਰਾਂ ਨਾਲ, ਉਨ੍ਹਾਂ ਨੇ ਟਰੂਥ ਸੋਸ਼ਲ ;ਤੇ ਲਿਖਿਆ, “ਕੋਈ ‘ਮਿਸਟਰ ਨਾਈਸ ਗਾਏ’ ਨਹੀਂ ਹੋਵੇਗਾ। ਸਾਨੂੰ ਸਾਡੀ ਰਾਜਧਾਨੀ ਵਾਪਸ ਚਾਹੀਦੀ ਹੈ। ਇਸ ਮੁੱਦੇ ’ਤੇ ਧਿਆਨ ਦੇਣ ਲਈ ਧੰਨਵਾਦ!”

ਮੇਅਰ ਦਾ ਵਿਰੋਧ

ਵਾਸ਼ਿੰਗਟਨ ਦੀ ਮੇਅਰ ਮਿਊਰੀਅਲ ਬੋਸਰ, ਜੋ ਡੈਮੋਕਰੈਟ ਹੈ, ਨੇ ਕਿਹਾ, “ਸਾਡੇ ਸ਼ਹਿਰ ਵਿੱਚ ਅਪਰਾਧ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ।” ਟਰੰਪ ਨੇ ਪਿਛਲੇ ਮਹੀਨੇ ਇੱਕ ਹੁਕਮ ’ਤੇ ਦਸਤਖਤ ਕੀਤੇ ਸਨ, ਜਿਸ ਨਾਲ ਬੇਘਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੌਖਾ ਹੋ ਗਿਆ। ਪਿਛਲੇ ਹਫਤੇ, ਉਨ੍ਹਾਂ ਨੇ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ’ਤੇ ਤਾਇਨਾਤ ਕਰਨ ਦਾ ਹੁਕਮ ਦਿੱਤਾ ਸੀ।