ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਕੋਲੋਰਾਡੋ ‘ਚ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਟਰੰਪ ਨੇ 80 ਮਿੰਟ ਦਾ ਭਾਸ਼ਣ ਦਿੱਤਾ ਜਿਸ ਵਿੱਚ ਉਸ ਨੇ ਕਿਹਾ ਕਿ ਪ੍ਰਵਾਸੀ ਬਹੁਤ ਖਤਰਨਾਕ ਨੇ…ਅਮਰੀਕੀਆਂ ‘ਤੇ ‘ਪ੍ਰਵਾਸੀਆਂ’ ਦੁਆਰਾ ਹਮਲਾ ਕੀਤਾ ਗਿਆ ਹੈ।

ਟਰੰਪ ਨੇ ਕਿਹਾ ਕਿ ਅੱਜ ਦੁਨੀਆ ਅਮਰੀਕਾ ਨੂੰ ਇਕ ਅਜਿਹੇ ਦੇਸ਼ ਵਜੋਂ ਜਾਣਦੀ ਹੈ, ਜਿਸ ‘ਤੇ ਕਬਜ਼ਾ ਕੀਤਾ ਹੋਇਆ ਹੈ। ਸਾਡੇ ਉੱਤੇ ਇੱਕ ਅਪਰਾਧਿਕ ਤਾਕਤ ਨੇ ਕਬਜ਼ਾ ਕਰ ਲਿਆ ਹੈ। ਟਰੰਪ ਨੇ ਵਾਅਦਾ ਕੀਤਾ ਕਿ 5 ਨਵੰਬਰ ਨੂੰ ਅਮਰੀਕਾ ਦੀ ਆਜ਼ਾਦੀ ਦਾ ਦਿਨ ਹੋਵੇਗਾ। ਕੋਈ ਵੀ ਪ੍ਰਵਾਸੀ ਜੋ ਕਿਸੇ ਅਮਰੀਕੀ ਨਾਗਰਿਕ ਨੂੰ ਮਾਰਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਪ੍ਰਵਾਸੀਆਂ ਨੂੰ ਰਾਖਸ਼ ਤੇ ਜਾਨਵਰ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਕੋਲੋਰਾਡੋ ਦੇ ਔਰੋਰਾ ਵਿੱਚ ਲਾਤੀਨੀ ਅਮਰੀਕੀ ਪ੍ਰਵਾਸੀ ਦਹਿਸ਼ਤ ਫੈਲਾ ਰਹੇ ਹਨ।

ਟਰੰਪ ਨੇ ਕਿਹਾ ਕਿ ਜੇ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ 20 ਮਿਲੀਅਨ ਨਵੇਂ ਪ੍ਰਵਾਸੀ ਅਮਰੀਕਾ ਆਉਣਗੇ ਤੇ ਸਾਡਾ ਦੇਸ਼ ਤਬਾਹ ਹੋ ਜਾਵੇਗਾ। ਟਰੰਪ ਨੇ ਕਿਹਾ ਕਿ ਉਹ ਪ੍ਰਵਾਸੀਆਂ ਦੇ ਖ਼ਿਲਾਫ਼ ਆਪਰੇਸ਼ਨ ਅਰੋਰਾ ਸ਼ੁਰੂ ਕਰਨਗੇ। ਇਸ ਦੇ ਤਹਿਤ ਸਰਕਾਰ ਨੂੰ ਉਨ੍ਹਾਂ ਦੇਸ਼ਾਂ ‘ਚ ਵਿਦੇਸ਼ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਖ਼ਿਲਾਫ਼ ਅਮਰੀਕਾ ਜੰਗ ਲੜ ਰਿਹਾ ਹੈ।

ਟਰੰਪ ਨੇ ਅਮਰੀਕੀ ਚੋਣਾਂ ‘ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੌਕਿਆਂ ‘ਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਮਈ 2024 ‘ਚ ਟਰੰਪ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਕਾਰਨ ਕਈ ਸ਼ਹਿਰਾਂ ‘ਚ ਸਥਿਤੀ ਖਰਾਬ ਹੋ ਗਈ ਹੈ। ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਗੇ।