ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਰਾਤ ਸਮੇਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਖਬਰਾਂ ਮੁਤਾਬਕ ਮ੍ਰਿਤਕ ਨੌਜਵਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕਰੀਬੀ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੰਜ ਵਿਅਕਤੀ ਇੱਕ ਕਾਰ ਵਿੱਚ ਸਵਾਰ ਹੋ ਕੇ ਨਕੋਦਰ ਤੋਂ ਦਿੜ੍ਹਬਾ ਵੱਲ ਜਾ ਰਹੇ ਸਨ। ਰਾਤ ਕਰੀਬ 1:15 ਵਜੇ ਜਗਰਾਓਂ ਤੋਂ ਲਗਭਗ 12 ਕਿਲੋਮੀਟਰ ਦੂਰ ਰਾਏਕੋਟ ਨੇੜੇ ਪਿੰਡ ਬਸੀਆਂ ਕੋਲ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਗਈ।
ਬੇਕਾਬੂ ਕਾਰ ਸਿੱਧੀ ਛੱਪੜ ’ਚ ਜਾ ਡਿੱਗੀ
ਕਾਰ ਬੇਕਾਬੂ ਹੋਣ ਤੋਂ ਬਾਅਦ ਸਿੱਧੀ ਇੱਕ ਛੱਪੜ ਵਿੱਚ ਜਾ ਡਿੱਗੀ। ਹਾਦਸਾ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ। ਹਾਦਸੇ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਆਗੂ ਬਲਕਾਰ ਸਿੰਘ ਸਮੇਤ ਵਿਸ਼ਾਲ ਅਤੇ ਸੰਦੀਪ ਦੀ ਮੌਤ ਹੋ ਗਈ। ਦੋ ਹੋਰ ਸਾਥੀ ਜ਼ਖ਼ਮੀ ਹੋਏ ਹਨ।
ਸੰਦੀਪ ਦੇ ਪਰਿਵਾਰ ਨੇ ਦੱਸੀ ਆਖਰੀ ਗੱਲਬਾਤ
ਮ੍ਰਿਤਕ ਸੰਦੀਪ ਦੇ ਮਾਮਾ ਸ਼ੇਰ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਸੰਦੀਪ ਨਾਲ ਫੋਨ ’ਤੇ ਗੱਲ ਹੋਈ ਸੀ। ਸੰਦੀਪ ਨੇ ਕਿਹਾ ਸੀ ਕਿ ਉਹ ਮੱਥਾ ਟੇਕ ਕੇ ਵਾਪਸ ਜਾ ਰਹੇ ਹਨ। ਇਸ ਤੋਂ ਬਾਅਦ ਪਰਿਵਾਰ ਨੂੰ ਵੱਡੇ ਭਾਣਜੇ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਛੋਟੇ ਭਰਾ ਨਾਲ ਜਲੰਧਰ ਨੇੜੇ ਹਾਦਸਾ ਵਾਪਰ ਗਿਆ ਹੈ।
ਰਾਹਗੀਰਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਹਾਦਸੇ ਤੋਂ ਬਾਅਦ ਜ਼ੋਰਦਾਰ ਆਵਾਜ਼ ਸੁਣ ਕੇ ਆਸਪਾਸ ਦੇ ਪਿੰਡਾਂ ਦੇ ਲੋਕ ਅਤੇ ਰਾਹਗੀਰ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਤੇ ਰਾਹਤ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਕਾਫ਼ੀ ਮਿਹਨਤ ਤੋਂ ਬਾਅਦ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
