ਉਨਟਾਰੀਓ: ਟੋਰਾਂਟੋ ਵਿਖੇ ਬੀਤੀ ਰਾਤ ਅਜੀਬੋ ਗਰੀਬ ਹਾਲਾਤ ਬਣ ਗਏ ਜਦੋਂ ਇਕ ਰੈਕੂਨ ਕਾਰਨ 7 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ। ਇਸ ਸਥਿਤੀ ਵਿਚ ਲੋਕਾਂ ਨੂੰ ਕਈ ਘੰਟੇ ਤੱਕ ਹਨੇਰੇ ਵਿਚ ਰਹਿਣਾ ਪਿਆ। ਹਾਈਡਰੋ ਵੰਨ ਨੇ ਦੱਸਿਆ ਕਿ ਡਾਊਨ ਟਾਊਨ ਦੇ ਇਕ ਬਿਜਲੀ ਘਰ ਵਿਚ ਰੈਕੂਨ ਗ਼ਲਤ ਜਗ੍ਹਾ ’ਤੇ ਪੁੱਜ ਗਿਆ ਅਤੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ। ਰੈਕੂਨ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਸੇਂਟ ਕਲੇਅਰ ਐਵੇਨਿਊ ਵੈਸਟ ਤੋਂ ਲੈ ਕੇ ਗੈਰਾਰਡ ਸਟ੍ਰੀਟ ਵੈਸਟ ਅਤੇ ਐਵੇਨਿਊ ਰੋਡ ਤੋਂ ਡੌਨ ਵੈਲੀ ਪਾਰਕਵੇਅ ਤੱਕ ਬਿਜਲੀ ਗੁੱਲ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਟੋਰਾਂਟੋ ਹਾਈਡਰੋ ਦੇ ਨਕਸ਼ੇ ਤੋਂ ਪਤਾ ਲਗਦਾ ਹੈ ਕਿ ਵੀਰਵਾਰ ਸ਼ਾਮ ਬਿਜਲੀ ਸਪਲਾਈ ਠੱਪ ਹੋਈ ਅਤੇ ਰਾਤ 10.30 ਵਜੇ ਦੇ ਕਰੀਬ ਬਹਾਲ ਕੀਤੀ ਜਾ ਸਕੀ। ਟੋਰਾਂਟੋ ਫਾਇਰ ਸਰਵਿਸਿਜ਼ ਦੇ ਇਕ ਬੁਲਾਰੇ ਨੇ ਕਿਹਾ ਕਿ ਸੱਤ ਥਾਵਾਂ ’ਤੇ ਬਹੁਮੰਜ਼ਿਲਾ ਇਮਾਰਤਾਂ ਦੇ ਐਲੀਵੇਟਰ ਬੰਦ ਹੋ ਗਏ ਅਤੇ ਐਮਰਜੰਸੀ ਹਾਲਾਤ ਵਿਚ ਲੋਕਾਂ ਨੂੰ ਲਿਫਟ ਵਿਚੋਂ ਬਾਹਰ ਕੱਢਣਾ ਪਿਆ। ਟੋਰਾਂਟੋ ਦੇ ਫਾਇਰ ਕੈਪਟਨ ਨੇ ਦੱਸਿਆ ਕਿ ਆਮ ਤੌਰ ’ਤੇ ਇਮਾਰਤਾਂ ਵਿਚ ਬਿਜਲੀ ਦਾ ਬੈਕਅੱਪ ਹੁੰਦਾ ਹੈ ਪਰ ਕਈ ਵਾਰ ਛੋਟੀਆਂ ਇਮਾਰਤਾਂ ਵਿਚ ਬੈਕਅੱਪ ਕੰਮ ਨਹੀਂ ਕਰਦਾ ਅਤੇ ਅਚਾਨਕ ਬਿਜਲੀ ਗੁੱਲ ਹੋਣ ’ਤੇ ਲੋਕ ਅੱਧ ਵਿਚਾਲੇ ਫਸ ਜਾਂਦੇ ਹਨ। ਟੋਰਾਂਟੋ ਦੇ ਸੈਂਕੜੇ ਲੋਕਾਂ ਨੇ ਆਪਣੇ ਹਾਲਾਤ ਬਾਰੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ।