ਹੁਸ਼ਿਆਰਪੁਰ: ਪਿੰਡ ਚੱਕ ਸਮਾਣਾ ਕੁੱਲੀਆ ਵਿੱਚ ਬੀਤੀ ਸ਼ਾਮ ਇੱਕ ਬਹੁਤ ਹੀ ਚਿੰਤਾਜਨਕ ਘਟਨਾ ਵਾਪਰੀ, ਜਿੱਥੇ ਇੱਕ 3 ਸਾਲ ਦਾ ਗੁਰਕਰਨ ਬੋਰਵੈੱਲ ਵਿੱਚ ਡਿੱਗ ਗਿਆ। ਸ਼ੁੱਕਰਵਾਰ ਸ਼ਾਮ ਕਰੀਬ ਚਾਰ ਵਜੇ ਬੋਰਵੈੱਲ ਵਿੱਚ ਡਿੱਗੇ ਸਾਲਾ ਬੱਚੇ ਨੂੰ ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ ਨੌਂ ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਬੋਰਵੈੱਲ ਵਿੱਚ ਡਿੱਗੇ ਬੱਚੇ ਗੁਰਕਰਨ ਸਿੰਘ, ਜੋ ਕਿ ਮਜ਼ਦੂਰੀ ਕਰਨ ਵਾਲੇ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਹੈ, ਨੂੰ ਰਾਤ ਕਰੀਬ 12:40 ਵਜੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਸ਼ੁਰੂਆਤ ਤੋਂ ਹੀ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ ਅਤੇ ਪੂਰੇ ਅਭਿਆਨ ਨੂੰ ਸਫ਼ਲ ਬਣਾਉਣ ਲਈ ਟੀਮਾਂ ਦੀ ਦ੍ਰਿੜ੍ਹਤਾ ਦੀ ਭਰਪੂਰ ਸ਼ਲਾਘਾ ਕੀਤੀ।
ਡੀ.ਸੀ. ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਹੁਸ਼ਿਆਰਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕੀ ਪਿੰਡ ਚੱਕ ਸਮਾਨਾ ਵਿੱਚ ਇਹ ਘਟਨਾ ਵਾਪਰੀ। ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਮਜ਼ਦੂਰ ਹਰਿੰਦਰ ਅਤੇ ਆਸ਼ਾ ਦਾ ਪੁੱਤਰ ਗੁਰਕਰਨ ਸਿੰਘ ਆਪਣੇ ਘਰ ਦੇ ਨਾਲ ਲੱਗਦੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਹ ਬੋਰਵੈੱਲ ਕਰੀਬ 15 ਦਿਨਾਂ ਤੋਂ ਪੁੱਟਿਆ ਜਾ ਰਿਹਾ ਸੀ। ਪਾਈਪ ਪਾਉਣ ਲਈ ਆਸ-ਪਾਸ ਟੋਆ ਪੁੱਟਿਆ ਗਿਆ ਸੀ, ਪਰ 15 ਇੰਚ ਦੀ ਪਾਈਪ ਲਗਾਉਣ ਤੋਂ ਬਾਅਦ ਉਸ ਟੋਏ ਨੂੰ ਪੂਰੀ ਤਰ੍ਹਾਂ ਭਰਿਆ ਨਹੀਂ ਗਿਆ। ਇਸੇ ਦੌਰਾਨ ਬੱਚਾ ਖੇਡਦਾ ਹੋਇਆ ਉੱਥੇ ਪਹੁੰਚ ਗਿਆ। ਜਗ੍ਹਾ ਰੇਤਲੀ ਹੋਣ ਕਾਰਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਇਸ ਵਿਚ ਡਿੱਗ ਗਿਆ।
ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਉਸ ਦੇ ਬਚਾਅ ਲਈ ਬੋਰਵੈੱਲ ਦੇ ਬਿਲਕੁਲ ਨਾਲ 30 ਫੁੱਟ ਤੋਂ ਵੱਧ ਡੂੰਘਾ ਟੋਆ ਪੁੱਟਿਆ ਗਿਆ। ਇਸ ਤੋਂ ਬਾਅਦ ਬਚਾਅ ਟੀਮਾਂ ਨੇ ਬੋਰ ਦੇ ਨਾਲ ਇੱਕ ਤੰਗ ਰਸਤਾ ਬਣਾ ਕੇ ਪਹੁੰਚ ਕੀਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬੱਚਾ ਬੋਰਵੈੱਲ ਵਿੱਚ ਡਿੱਗਣ ਤੋਂ ਬਾਅਦ ਕਰੀਬ 30 ਫੁੱਟ ਦੀ ਡੂੰਘਾਈ ‘ਤੇ ਫਸ ਗਿਆ ਸੀ। ਬਚਾਅ ਕਾਰਜ ਤੇਜ਼ ਕਰਨ ਲਈ ਲੋੜੀਂਦੀ ਮਸ਼ੀਨਰੀ ਮੌਕੇ ‘ਤੇ ਲਿਆਂਦੀ ਗਈ। ਡੀ.ਸੀ. ਨੇ ਕਿਹਾ ਕਿ ਐਨ.ਡੀ.ਆਰ.ਐਫ. ਦੀ 40 ਤੋਂ ਵੱਧ ਮੈਂਬਰਾਂ ਦੀ ਟੀਮ ਨੇ ਆਪਣੀ ਮੁਹਾਰਤ ਨਾਲ ਇਸ ਔਖੇ ਸਮੇਂ ਵਿੱਚ ਆਪ੍ਰੇਸ਼ਨ ਨੂੰ ਸੁਰੱਖਿਅਤ ਢੰਗ ਨਾਲ ਸਫ਼ਲ ਬਣਾਇਆ।
