ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਬੀਤੇ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇਕ ਭਿਆਨਕ ਹਾਦਸੇ ਵਿਚ ਭਾਰਤੀ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਦਰਖਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਵਿਦਿਆਰਥੀਆਂ ਦੀ ਉਮਰ 18 ਸਾਲ ਦੇ ਕਰੀਬ ਸੀ ਅਤੇ ਮ੍ਰਿਤਕ ਵਿਦਿਆਰਥੀਆਂ ਵਿੱਚ ਇੱਕ ਨੌਜਵਾਨ ਮੁੰਡੇ ਸਮੇਤ ਦੋ ਕੁੜੀਆਂ ਸ਼ਾਮਲ ਹਨ। ਜਿਨ੍ਹਾਂ ਦੀ ਪਛਾਣ ਆਰੀਅਨ ਜੋਸ਼ੀ, ਸ਼ਰੀਆ ਅਵਸਰਲਾ ਅਤੇ ਅਵਨੀ ਸ਼ਰਮਾ ਦੇ ਵਜੋਂ ਹੋਈ ਹੈ।
ਹਾਦਸੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੀ ਪਛਾਣ ਰਿਤਵਾਕ ਸੰਪੱਲੀ ਅਤੇ ਮੁਹੰਮਦ ਲਿਆਕਤ ਦੇ ਵਜੋਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ ਹੋ ਸਕਦਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਜਿਸ ਵਿੱਚ ਵਿਦਿਆਰਥੀ ਜਾ ਰਹੇ ਸਨ, ਦੇ ਡਰਾਈਵਰ ਨੇ ਪੂਰੀ ਰਫ਼ਤਾਰ ਨਾਲ ਸਟੇਅਰਿੰਗ ਤੋਂ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਕਿਨਾਰੇ ਲੱਗੇ ਦਰੱਖਤ ਦੇ ਨਾਲ ਟਕਰਾ ਕੇ ਕਾਰ ਪਲਟ ਗਈ।