ਫਾਜ਼ਿਲਕਾ: ਫਾਜ਼ਿਲਕਾ ਦੇ ਪੰਜ ਨਿੱਜੀ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲ ਅਧਿਕਾਰੀਆਂ ਨੇ ਸਕੂਲ ਖਾਲੀ ਕਰਵਾ ਦਿੱਤੇ ਹਨ, ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲਈ ਕਿਹਾ ਹੈ। ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਾਈਬਰ ਸੈੱਲ ਦੀ ਟੀਮ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਧਮਕੀ ਭਰੀ ਈਮੇਲ ਕਿੱਥੋਂ ਭੇਜੀ ਗਈ।
ਫਾਜ਼ਿਲਕਾ ਦੇ ਆਤਮਵੱਲਭ ਪਬਲਿਕ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਨੇ ਦੱਸਿਆ ਕਿ ਸਕੂਲ ਨੂੰ ਬੰਬ ਧਮਾਕੇ ਦੀ ਧਮਕੀ ਵਾਲੀ ਈਮੇਲ ਮਿਲੀ ਸੀ। ਉਨ੍ਹਾਂ ਅਨੁਸਾਰ ਕਰੀਬ 11:12 ਵਜੇ ਈਮੇਲ ਪ੍ਰਾਪਤ ਹੋਈ, ਜਿਸ ਤੋਂ ਬਾਅਦ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ।
ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਵਿੱਚ ਆਤਮਵੱਲਭ ਪਬਲਿਕ ਸਕੂਲ ਤੋਂ ਇਲਾਵਾ ਸੈਕਰਡ ਹਾਰਟ ਕਾਨਵੈਂਟ ਸਕੂਲ, ਹੋਲੀ ਹਾਰਟ ਸਕੂਲ, ਸਰਵ ਹਿਤਕਾਰੀ ਸਕੂਲ ਅਤੇ ਕੌਮਫੀ ਇੰਟਰਨੈਸ਼ਨਲ ਸਕੂਲ ਸ਼ਾਮਿਲ ਹਨ।
ਫਾਜ਼ਿਲਕਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਇੰਸਪੈਕਟਰ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਅਦਾਲਤ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਜਾਰੀ ਹੈ। ਇੱਕ ਡੌਗ ਸਕੁਐਡ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ।
