ਟੋਰਾਂਟੋ: ਕੈਨੇਡਾ ਵਿੱਚ ਪੱਕੀ ਰਿਹਾਇਸ਼ (PR) ਜਾਂ ਨਾਗਰਿਕਤਾ ਹਾਸਲ ਕਰਨ ਲਈ ਵਿਆਹ ਨੂੰ ਸ਼ਾਰਟਕੱਟ ਵਜੋਂ ਵਰਤਣ ਵਾਲੇ ਲੋਕਾਂ ਖ਼ਿਲਾਫ਼ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ (IRCC) ਨੇ ਵਿਸ਼ੇਸ਼ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ਼ ਇਮੀਗ੍ਰੇਸ਼ਨ ਫਾਇਦੇ ਲੈਣ ਲਈ ਕੀਤੇ ਗਏ ਫਰਜ਼ੀ ਜਾਂ ਕੰਟਰੈਕਟ ਵਿਆਹਾਂ ਨੂੰ “ਸਹੂਲਤ ਦਾ ਰਿਸ਼ਤਾ” ਮੰਨਿਆ ਜਾਵੇਗਾ ਅਤੇ ਇਹ ਇੱਕ ਗੰਭੀਰ ਕਾਨੂੰਨੀ ਉਲੰਘਣਾ ਹੈ।

ਵੀਜ਼ਾ ਰੱਦ ਹੋਣ ਤੋਂ ਲੈ ਕੇ ਭਵਿੱਖ ਤੱਕ ਅਸਰ

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਕੋਈ ਵਿਦੇਸ਼ੀ ਨਾਗਰਿਕ ਸਿਰਫ ਕੈਨੇਡਾ ਦਾ ਵੀਜ਼ਾ ਜਾਂ PR ਹਾਸਲ ਕਰਨ ਲਈ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨਾਲ ਵਿਆਹ ਕਰਦਾ ਹੈ, ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਦੀ ਧੋਖਾਧੜੀ ਉਸ ਦੇ ਇਮੀਗ੍ਰੇਸ਼ਨ ਰਿਕਾਰਡ ਵਿੱਚ ਦਰਜ ਕੀਤੀ ਜਾਵੇਗੀ, ਜਿਸ ਦਾ ਅਸਰ ਭਵਿੱਖ ਵਿੱਚ ਹੋਰ ਦੇਸ਼ਾਂ ਦੇ ਵੀਜ਼ੇ ਲੈਣ ’ਤੇ ਵੀ ਪੈ ਸਕਦਾ ਹੈ।

ਸਪਾਂਸਰਾਂ ਲਈ ਵੀ ਸਖ਼ਤ ਨਿਯਮ

ਕੈਨੇਡਾ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਜੋ ਪੈਸੇ ਜਾਂ ਕਿਸੇ ਹੋਰ ਲਾਭ ਦੇ ਬਦਲੇ ਅਜਿਹੇ ਵਿਆਹਾਂ ਲਈ ਸਹਿਮਤ ਹੋ ਜਾਂਦੇ ਹਨ।

ਕੈਨੇਡੀਅਨ ਕਾਨੂੰਨ ਅਨੁਸਾਰ, ਜੇਕਰ ਸਪਾਂਸਰ ਕੀਤਾ ਗਿਆ ਸਾਥੀ ਕੈਨੇਡਾ ਪਹੁੰਚਣ ਤੋਂ ਬਾਅਦ ਵੱਖ ਵੀ ਹੋ ਜਾਵੇ, ਤਾਂ ਵੀ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਤੱਕ ਉਸ ਦੀ ਵਿੱਤੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

ਜੇ ਸਪਾਂਸਰ ਕੀਤਾ ਵਿਅਕਤੀ ਸਰਕਾਰੀ ਵੈਲਫੇਅਰ ਜਾਂ ਆਰਥਿਕ ਮਦਦ ਲੈਂਦਾ ਹੈ, ਤਾਂ ਸਰਕਾਰ ਉਹ ਰਕਮ ਸਪਾਂਸਰ ਤੋਂ ਵਸੂਲ ਕਰ ਸਕਦੀ ਹੈ। ਜਦ ਤੱਕ ਇਹ ਰਕਮ ਵਾਪਸ ਨਹੀਂ ਕੀਤੀ ਜਾਂਦੀ, ਸਪਾਂਸਰ ਕਿਸੇ ਹੋਰ ਵਿਅਕਤੀ ਨੂੰ ਕੈਨੇਡਾ ਨਹੀਂ ਬੁਲਾ ਸਕੇਗਾ।

ਜੇਲ੍ਹ ਤੱਕ ਪਹੁੰਚ ਸਕਦਾ ਹੈ ਮਾਮਲਾ

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪੈਸੇ ਲੈ ਕੇ ਫਰਜ਼ੀ ਵਿਆਹ ਕਰਵਾਉਣ ਜਾਂ ਕਰਵਾਉਣ ਵਿੱਚ ਮਦਦ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਵੀ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਸਜ਼ਾ ਤੱਕ ਹੋ ਸਕਦੀ ਹੈ।

ਇੰਝ ਫੜੇ ਜਾਂਦੇ ਹਨ ਫਰਜ਼ੀ ਰਿਸ਼ਤੇ

IRCC ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਫਰਜ਼ੀ ਰਿਸ਼ਤਿਆਂ ਦੀ ਪਛਾਣ ਕਰਨ ਲਈ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ। ਵੀਜ਼ਾ ਪ੍ਰਕਿਰਿਆ ਦੌਰਾਨ ਵਿਆਹ ਨਾਲ ਜੁੜੇ ਦਸਤਾਵੇਜ਼, ਤਸਵੀਰਾਂ, ਚੈਟ ਹਿਸਟਰੀ ਅਤੇ ਹੋਰ ਸਬੂਤਾਂ ਦੀ ਧਿਆਨ ਨਾਲ ਜਾਂਚ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ, ਦੋਵਾਂ ਧਿਰਾਂ ਦੀਆਂ ਵੱਖ-ਵੱਖ ਇੰਟਰਵਿਊਆਂ ਵੀ ਲਈਆਂ ਜਾਂਦੀਆਂ ਹਨ ਤਾਂ ਜੋ ਰਿਸ਼ਤੇ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਬਣਾਈ ਰੱਖਣ ਲਈ ਅਜਿਹੀਆਂ ਧੋਖਾਧੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।