ਸ਼ੁੱਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਲਈ ਬੁਰੀ ਖ਼ਬਰ ਲੈ ਕੇ ਆਈ, ਜਦੋਂ ਉਨ੍ਹਾਂ ਦੀ ਸਰਕਾਰ ਸੰਸਦ ਵਿਚ ਵਿਸ਼ਵਾਸ ਮਤ ਹਾਰ ਗਈ। ਹੁਣ ਉਨ੍ਹਾਂ ਨੂੰ 19 ਮਹੀਨਿਆਂ ਦੀ ਸੱਤਾ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ। ਦਰਅਸਲ, ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੇ ਸੀਪੀਐਨ-ਯੂਐਮਐਲ ਗੱਠਜੋੜ ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਪ੍ਰਚੰਡ ਨੂੰ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਗਠਜੋੜ ਨੇ ਸਹਿਮਤੀ ਜਤਾਈ ਹੈ ਕਿ ਕਮਿਊਨਿਸਟ ਪਾਰਟੀ ਦੇ ਆਗੂ ਕੇ.ਪੀ. ਓਲੀ ਨਵੇਂ ਪ੍ਰਧਾਨ ਮੰਤਰੀ ਹੋਣਗੇ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਪਹਿਲਾਂ ਹੀ ਓਲੀ ਨੂੰ ਅਗਲੇ ਪ੍ਰਧਾਨ ਮੰਤਰੀ ਵਜੋਂ ਸਮਰਥਨ ਦੇ ਚੁੱਕੇ ਹਨ।
25 ਦਸੰਬਰ, 2022 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਡੇਢ ਸਾਲ ਦੇ ਅੰਦਰ ਪ੍ਰਚੰਡ ਲਈ ਇਹ ਪੰਜਵਾਂ ਵਿਸ਼ਵਾਸ ਮਤ ਸੀ। ਉਹ ਚਾਰ ਵਾਰ ਵਿਸ਼ਵਾਸ਼ ਮਤ ਹਾਸਲ ਕਰਨ ‘ਚ ਸਫਲ ਰਹੇ, ਪਰ ਇਸ ਵਾਰ ਉਹ ਅਸਫਲ ਰਹੇ। ਭਰੋਸੇ ਦਾ ਵੋਟ ਹਾਸਲ ਕਰਨ ਲਈ ਉਸ ਨੂੰ 275 ਮੈਂਬਰੀ ਸਦਨ ਵਿੱਚ ਘੱਟੋ-ਘੱਟ 138 ਵੋਟਾਂ ਦੀ ਲੋੜ ਸੀ ਪਰ ਅਜਿਹਾ ਨਹੀਂ ਹੋ ਸਕਿਆ। ਦੇਸ਼ ਦੇ 275 ਮੈਂਬਰੀ ਪ੍ਰਤੀਨਿਧ ਸਦਨ ‘ਚ 69 ਸਾਲਾ ਪ੍ਰਚੰਡ ਨੂੰ 63 ਵੋਟਾਂ ਮਿਲੀਆਂ, ਜਦੋਂ ਕਿ ਭਰੋਸੇ ਦੇ ਪ੍ਰਸਤਾਵ ਦੇ ਖਿਲਾਫ 194 ਵੋਟਾਂ ਪਈਆਂ। ਇਸ ਸਮੇਂ ਸਦਨ ਵਿੱਚ ਨੇਪਾਲੀ ਕਾਂਗਰਸ ਕੋਲ 89 ਸੀਟਾਂ ਹਨ, ਜਦੋਂ ਕਿ ਸੀਪੀਐਨ-ਯੂਐਮਐਲ ਕੋਲ 78 ਸੀਟਾਂ ਹਨ। ਉਨ੍ਹਾਂ ਦੀ ਸੰਯੁਕਤ ਗਿਣਤੀ 167 ਹੈ, ਜੋ ਹੇਠਲੇ ਸਦਨ ਵਿੱਚ ਬਹੁਮਤ ਲਈ ਲੋੜੀਂਦੀਆਂ 138 ਸੀਟਾਂ ਤੋਂ ਕਿਤੇ ਵੱਧ ਹੈ। ਪ੍ਰਚੰਡ ਦੀ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਕੋਲ 32 ਸੀਟਾਂ ਹਨ।
ਨੇਪਾਲੀ ਕਾਂਗਰਸ ਦੇ ਨਾਲ ਗਠਜੋੜ ਬਣਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਓਲੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦੋਹਾਂ ਪਾਰਟੀਆਂ ਦੀ ਭਾਈਵਾਲੀ ਨਾਲ ਫਰੀਂਗ ਪਾਰਟੀਆਂ ਅਤੇ ਉਨ੍ਹਾਂ ਦੀਆਂ ਅਸੰਗਤ ਚਾਲਾਂ ਨੂੰ ਹਰਾਉਣ ਦੀ ਜ਼ਰੂਰਤ ਹੈ। ਦੋਵਾਂ ਪਾਰਟੀਆਂ ਨੇ ਕਿਹਾ ਕਿ ਉਹ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਨੇਪਾਲ ਨੂੰ ਖੁਸ਼ਹਾਲ ਅਤੇ ਨੇਪਾਲੀ ਲੋਕਾਂ ਨੂੰ ਖੁਸ਼ ਕਰਨ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਜ਼ਰੂਰਤ ‘ਤੇ ਸਹਿਮਤ ਹੋਏ ਹਨ।