ਪੈਰਿਸ: ਫਰਾਂਸ ਨੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੇ ਇਕ ਜਹਾਜ਼ ਨੂੰ ਰੋਕ ਲਿਆ ਹੈ। ਇਸ ਜਹਾਜ਼ ’ਚ 303 ਭਾਰਤੀ ਨਾਗਰਿਕ ਸਵਾਰ ਹਨ। ਫਰਾਂਸ ਦੀਆਂ ਏਜੰਸੀਆਂ ਨੂੰ ਸ਼ੱਕ ਹੈ ਕਿ ਜਹਾਜ਼ ਦੀ ਵਰਤੋਂ ਮਨੁੱਖੀ ਤਸਕਰੀ ਲਈ ਕੀਤੀ ਜਾ ਰਹੀ ਹੈ। ਫਰਾਂਸ ਦੇ ਵਕੀਲਾਂ ਨੇ ਦਸਿਆ ਕਿ ਜਹਾਜ਼ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਗਿਆ। ਇਹ ਘਟਨਾ ਉਸੇ ਦਿਨ ਵਾਪਰੀ ਹੈ ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਗਣਤੰਤਰ ਦਿਵਸ ਪਰੇਡ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ। ਫ਼ਰਾਂਸੀਸੀ ਜਾਂਚ ਏਜੰਸੀ JUNALCO ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਿਊਜ਼ ਏਜੰਸੀਆਂ ਮੁਤਾਬਕ ਫਰਾਂਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੋਮਾਨੀਆਈ ਕੰਪਨੀ ਲੈਜੇਂਡ ਏਅਰਲਾਈਨਜ਼ ਦੇ ਭਾਰਤ ਤੋਂ ਨਿਕਾਰਾਗੁਆ ਜਾ ਰਹੇ ਜਹਾਜ਼ A340 ਦੀ ਵਰਤੋਂ ਮਨੁੱਖੀ ਤਸਕਰੀ ਲਈ ਕੀਤੀ ਜਾ ਸਕਦੀ ਹੈ। ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਤੋਂ ਉਡਾਣ ਭਰੀ ਸੀ। ਫਰਾਂਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਯਾਤਰੀਆਂ ਦੀ ਯਾਤਰਾ ਦੀਆਂ ਸ਼ਰਤਾਂ ਅਤੇ ਉਦੇਸ਼ਾਂ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਅਧਿਕਾਰੀ ਮਨੁੱਖੀ ਤਸਕਰੀ ਦੇ ਸ਼ੱਕ ਦੀ ਜਾਂਚ ਕਰ ਰਹੇ ਸਨ।
ਦੁਬਈ ਤੋਂ ਉਡਾਣ ਭਰਨ ਵਾਲੀ ਇਸ ਉਡਾਣ ’ਚ ਰੋਮਾਨੀਆ ਦੀ ਚਾਰਟਰ ਕੰਪਨੀ ਦੇ ਜਹਾਜ਼ ਦੀ ਵਰਤੋਂ ਕੀਤੀ ਗਈ ਸੀ। ਜਦੋਂ ਪੁਲਿਸ ਨੇ ਦਖਲ ਦਿਤਾ ਤਾਂ ਜਹਾਜ਼ ਤਕਨੀਕੀ ਠਹਿਰਾਅ ਲਈ ਛੋਟੇ ਵੇਤਰੀ ਹਵਾਈ ਅੱਡੇ ’ਤੇ ਉਤਰਿਆ। ਪੁਲਿਸ ਨੇ ਕਿਹਾ ਕਿ ਵੇਤਰੀ ਹਵਾਈ ਅੱਡੇ ’ਤੇ ਰਿਸੈਪਸ਼ਨ ਹਾਲ ਨੂੰ ਇਕ ਵੇਟਿੰਗ ਲਾਊਂਜ ਵਿਚ ਬਦਲ ਦਿਤਾ ਗਿਆ ਹੈ, ਜਿਸ ਵਿਚ ਵੱਖਰੇ ਬੈੱਡ ਹਨ ਤਾਂ ਜੋ ਮੁਸਾਫ਼ਰਾਂ ਨੂੰ ਸਭ ਤੋਂ ਵਧੀਆ ਸੰਭਵ ਰਿਸੈਪਸ਼ਨ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਫਰਾਂਸ ਦੇ ਅਧਿਕਾਰੀਆਂ ਨੇ ਅਜੇ ਇਹ ਨਹੀਂ ਦਸਿਆ ਹੈ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਕਿੰਨੇ ਦਿਨ ਹੋਰ ਰੱਖਿਆ ਜਾਵੇਗਾ ਜਾਂ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਕੋਈ ਤਿਆਰੀ ਹੈ।
ਇਹ ਜਹਾਜ਼ ਨਿਕਾਰਾਗੁਆ ਜਾ ਰਿਹਾ ਸੀ। ਨਿਕਾਰਾਗੁਆ ਇਕ ਮੱਧ ਅਮਰੀਕੀ ਦੇਸ਼ ਹੈ। ਨਿਕਾਰਾਗੁਆ ਦੀ ਸਰਹੱਦ ਉੱਤਰ ਵਲ ਹੋਂਡੁਰਸ, ਪੂਰਬ ਵੱਲ ਕੈਰੇਬੀਅਨ, ਦੱਖਣ ਵਲ ਕੋਸਟਾ ਰੀਕਾ ਅਤੇ ਪੱਛਮ ਵਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀ ਹੈ। ਇਹ ਦੇਸ਼ ਉਨ੍ਹਾਂ ਲੋਕਾਂ ਲਈ ਸਵਰਗ ਹੈ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੁੰਦੇ ਹਨ। ਦੇਸ਼ ਦੇ ਰਸਤੇ ਹਰ ਸਾਲ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ-ਮੈਕਸੀਕੋ ਸਰਹੱਦ ’ਤੇ ਪਹੁੰਚਦੇ ਹਨ।