ਔਟਵਾ ,ਉਨਟਾਰੀਓ: ਫ਼ੈਡਰਲ ਐਨਡੀਪੀ ਨੇ ਲਿਬਰਲਾਂ ਦੇ ਫ਼ਾਰਮਾਕੇਅਰ ਬਿਲ ਦੇ ਪਹਿਲੇ ਖਰੜੇ ਨੂੰ ਰੱਦ ਕਰ ਦਿੱਤਾ। ਪਿਛਲੇ ਸਾਲ ਲਿਬਰਲਾਂ ਨੇ ਐਨਡੀਪੀ ਦੀਆਂ ਕੁਝ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ। ਉਸ ਸਮਝੌਤੇ ਦੀਆਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ ਵੱਲ ਪ੍ਰਗਤੀ ਅਤੇ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਦੇ ਸ਼ੁਰੂਆਤੀ ਪੜਾਅ ਨੂੰ ਮਨਜ਼ੂਰ ਕਰਨਾ ਸੀ। ਲਿਬਰਲਜ਼ ਨੇ ਇਸ ਫ਼ੌਲ ਸੀਜ਼ਨ ਦੌਰਾਨ ਫ਼ਾਰਮਾਕੇਅਰ ਕਾਨੂੰਨ ਪੇਸ਼ ਕਰਨ ਦਾ ਵਾਅਦਾ ਕੀਤਾ ਸੀ।

NDP ਕ੍ਰਿਟਿਕ ਡੌਨ ਡੇਵੀਸ ਨੇ ਕਿਹਾ ਕਿ ਬਿਲ ਦਾ ਪਹਿਲਾ ਡਰਾਫਟ ਐਨਡੀਪੀ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਉਹ ਅਗਲੇ ਡਰਾਫ਼ਟ ਦੀ ਉਡੀਕ ਕਰ ਰਹੇ ਹਨ। ਡੇਵੀਸ ਨੇ ਕਿਹਾ ਕਿ ਫ਼ਾਰਮਾਕੇਅਰ ਪ੍ਰੋਗਰਾਮ ਇੱਕ ਯੂਨੀਵਰਸਲ, ਇੱਕੋ-ਭੁਗਤਾਨ ਵਾਲਾ ਅਤੇ ਸਰਕਾਰੀ ਹੋਣਾ ਚਾਹੀਦਾ ਹੈ, ਅਤੇ ਐਨਡੀਪੀ ਇਸ ਤੋਂ ਘੱਟ ਦੀ ਵਚਨਬੱਧਤਾ ਸਵੀਕਾਰ ਨਹੀਂ ਕਰੇਗੀ। ਐਨਡੀਪੀ ਜ਼ਰੂਰੀ ਦਵਾਈਆਂ ਤੋਂ ਸ਼ੁਰੂ ਕਰਕੇ ਬਾਅਦ ਚ ਪ੍ਰੋਗਰਾਮ ਦਾ ਵਿਸਤਾਰ ਕਰਨ ਲਈ ਰਜ਼ਾਮੰਦ ਹੈ, ਪਰ ਉਸਦੀ ਮੰਗ ਹੈ ਕਿ ਕਾਨੂੰਨ ਵਿਚ ਵਿਸਤਾਰ ਦੀ ਸਮਾਂ-ਸਾਰਣੀ ਵੀ ਸ਼ਾਮਲ ਕੀਤੀ ਜਾਵੇ। ਹੈਲਥ ਮਿਨਿਸਟਰ ਮਾਰਕ ਹੌਲੈਂਡ ਨੇ ਇਹ ਨਹੀਂ ਦੱਸਿਆ ਕਿ ਕੀ ਆਉਣ ਵਾਲਾ ਬਿਲ ਕਿਸੇ ਵਿਸ਼ੇਸ਼ ਮਾਡਲ ਲਈ ਵਚਨਬੱਧ ਹੋਵੇਗਾ, ਕਿਉਂਕਿ ਬਿੱਲ ਦੇ ਪੇਸ਼ ਹੋਣ ਤੱਕ ਸਥਿਤੀ ਬਦਲ ਸਕਦੀ ਹੈ।