ਵਿਦਿਆਰਥੀ ਆਪਣੀਆਂ ਗਲਤੀਆਂ ’ਤੇ ਪਰਦਾ ਪਾ ਰਹੇ : ਬ੍ਰਜੇਸ਼ ਮਿਸ਼ਰਾ
ਟੋਰਾਂਟੋ : ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟੇਸ਼ਨ ਦੀ ਕਗਾਰ ’ਤੇ ਲਿਆਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਮੀਗ੍ਰੇਸ਼ਨ ਏਜੰਟ ਬ੍ਰਜੇਸ਼ ਮਿਸ਼ਰਾ ਨੇ ਖੁਦ ਨੂੰ ਬੇਕਸੂਰ ਦਸਦਿਆਂ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਬੀ.ਸੀ. ਦੀ ਜੇਲ ਵਿਚ ਬੰਦ ਬ੍ਰਜੇਸ਼ ਮਿਸ਼ਰਾ ਨੇ ਉਲਟਾ ਵਿਦਿਆਰਥੀਆਂ ਨੂੰ ਠੱਗ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣ ਲਈ ਮੈਨੂੰ ਨਿਸ਼ਾਨਾ ਬਣਾ ਰਹੇ ਹਨ। ਗ੍ਰਿਫ਼ਤਾਰੀ ਮਗਰੋਂ ਬ੍ਰਜੇਸ਼ ਮਿਸ਼ਰਾ ਦੀ ਇਹ ਪਹਿਲੀ ਟਿੱਪਣੀ ਹੈ।
‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁੁੁਤਾਬਕ ਬ੍ਰਜੇਸ਼ ਮਿਸ਼ਰਾ ਨੇ ਕਿਹਾ ਕਿ ਉਹ ਬਿਲਕੁਲ ਨਹੀਂ ਜਾਣਦਾ ਕਿ ਉਸ ਵਿਰੁੱਧ ਦੋਸ਼ ਲਾਉਣ ਵਾਲੇ ਕੌਣ ਹਨ ਅਤੇ ਉਸ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਵੀਡੀਓ ਕਾਨਫ਼ਰੰਸਿੰਗ ਰਾਹੀਂ ਟੋਰਾਂਟੋ ਵਿਖੇ ਇਕ ਇੰਮੀਗ੍ਰੇਸ਼ਨ ਟ੍ਰਿਬਿਊਨਲ ਅੱਗੇ ਪੇਸ਼ ਹੋਏ ਬ੍ਰਜੇਸ਼ ਮਿਸ਼ਰਾ ਵਿਰੁੱਧ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਬਗੈਰ ਲਾਇਸੰਸ ਤੋਂ ਇੰਮੀਗ੍ਰੇਸ਼ਨ ਸਲਾਹ ਦੇਣ ਅਤੇ ਗੁੰਮਰਾਹ ਕਰਨ ਦੇ ਦੋਸ਼ ਲਾਏ ਗਏ ਹਨ।