ਸੈਕਰਾਮੈਂਟੋ,: ਕੰਸਾਸ ਤੇ ਓਕਲਾਹੋਮਾ ਵਿਚਾਲੇ ਇਸ ਸਾਲ 30 ਮਾਰਚ ਨੂੰ ਲਾਪਤਾ ਹੋਈਆਂ ਦੋ ਔਰਤਾਂ ਦੀਆਂ ਲਾਸ਼ਾਂ ਇਕ ਫਰੀਜ਼ਰ ਵਿਚੋਂ ਮਿਲਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਨਵੇਂ ਜਾਰੀ ਤਲਾਸ਼ੀ ਵਾਰੰਟਾਂ ਅਨੁਸਾਰ ਇਹ ਲਾਸ਼ਾਂ ਇਕ ਪਸ਼ੂਆਂ ਦੀ ਚਰਾਗਾਹ ਜੋ 5 ਸ਼ੱਕੀ ਦੋਸ਼ੀਆਂ ਵਿਚੋਂ ਇਕ ਨੇ ਪਟੇ ਉਪਰ ਲਈ ਹੋਈ ਸੀ, ਵਿਚ ਦੱਬੇ ਇਕ ਫਰੀਜ਼ਰ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਵੱਲੋਂ ਮਾਮਲੇ ਵਿਚ ਦਾਇਰ ਹਲਫੀਆ ਬਿਆਨ ਵਿਚ ਕਿਹਾ ਗਿਆ ਹੈ ਕਿ ਵੇਰੋਨੀਕਾ ਬਟਲਰ (27) ਤੇ ਜਿਲੀਅਨ ਕੈਲੀ (39) ਦੀਆਂ ਲਾਸ਼ਾਂ ਉਸ ਵੇਲੇ ਬਰਾਮਦ ਹੋਈਆਂ, ਜਦੋਂ ਜਾਂਚ ਅਧਿਕਾਰੀਆਂ ਵੱਲੋਂ 14 ਅਪ੍ਰੈਲ, 2024 ਨੂੰ ਟੈਡ ਕੁਲਮ ਨਾਮੀ ਸ਼ੱਕੀ ਦੋਸ਼ੀ ਦੁਆਰਾ ਪਟੇ ਉਪਰ ਲਈ ਗਈ ਜਾਇਦਾਦ ਚਰਾਗਾਹ ਦੀ  ਤਲਾਸ਼ੀ ਲਈ ਗਈ। ਤਾਜ਼ਾ ਮਿੱਟੀ ਦੇ ਢੇਰ ਉਪਰ ਸ਼ੱਕ ਪੈਣ ‘ਤੇ ਉਸ ਨੂੰ ਪੁੱਟਿਆ ਗਿਆ ਤੇ ਉਸ ਵਿਚ ਦੱਬੇ ਇਕ ਫਰੀਜ਼ਰ ਨੂੰ ਖੋਲ੍ਹਿਆ ਗਿਆ, ਤਾਂ ਸਾਰਾ ਮਾਮਲਾ ਹੱਲ ਹੋ ਗਿਆ। ਟੈਡ ਕੁਲਮ ਸਮੇਤ 5 ਦੋਸ਼ੀਆਂ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ, ਅਗਵਾ ਤੇ ਹੱਤਿਆਵਾਂ ਕਰਨ ਲਈ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਅਦਾਲਤੀ ਦਸਤਾਵੇਜ਼ਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਔਰਤਾਂ ਦੀਆਂ ਹੱਤਿਆਵਾਂ ਕਿਸ ਢੰਗ ਨਾਲ ਕੀਤੀਆਂ ਗਈਆਂ। ਪੁਲਿਸ ਨੇ ਕੁਲਮ ਦੇ ਨਾਲ ਬਟਲਰ ਦੇ ਬੱਚਿਆਂ ਦੀ ਦਾਦੀ ਟਿਫੈਨੀ ਐਡਮਜ (54), ਵਿਆਹੁਤਾ ਜੋੜਾ ਕੋਲ ਟੋਮਬਲਾਈ (50), ਕੋਰਾ ਟੋਮਬਲਾਈ (44) ਤੇ ਪੌਲ ਗਰਾਈਸ (31) ਵਿਰੁੱਧ ਦੋਸ਼ ਆਇਦ ਕੀਤੇ ਹਨ। ਦੋਸ਼ ਲਾਇਆ ਗਿਆ ਹੈ ਕਿ ਬਟਲਰ ਤੇ ਐਡਮਜ ਵਿਚਾਲੇ ਬੱਚਿਆਂ ਦੀ ਸਪੁਰਦਗੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦਰਮਿਆਨ ਦਾਦੀ ਐਡਮਜ਼ ਤੇ ਕੁਲਮ ਨੇ ਟੋਮਬਲਾਈ ਜੋੜੇ ਨਾਲ ਮਿਲ ਕੇ ਹੱਤਿਆਵਾਂ ਦੀ ਸਾਜਿਸ਼ ਰਚੀ। ਓਕਲਾਹੋਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿਸ਼ੇਸ਼ ਏਜੰਟ ਜੈਸਨ ਓਟ ਅਨੁਸਾਰ ਸਾਰੇ ਸ਼ੱਕੀ ਦੋਸ਼ ਇਕ ਸਰਕਾਰ ਵਿਰੋਧੀ ਗਰੁੱਪ ਜਿਸ ਦੀ ਧਾਰਮਿਕ ਪ੍ਰਤੀਬੱਧਤਾ ਹੈ, ਰਾਹੀਂ ਇਕ ਦੂਸਰੇ ਨੂੰ ਜਾਣਦੇ ਹਨ। ਇਸ ਮਾਮਲੇ ਵਿਚ ਅਜੇ ਤੱਕ ਸ਼ੱਕੀ ਦੋਸ਼ੀਆਂ ਨੇ ਕਿਸੇ ਕਿਸਮ ਦੀ ਦਰਖਾਸਤ ਦਾਇਰ ਨਹੀਂ ਕੀਤੀ ਹੈ।