ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ਵਿੱਚ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਅਤੇ ਨਿਰਣਾਇਕ ਮੁਹਿੰਮ ਵਿੱਢਣ ਜਾ ਰਹੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਸਤੰਬਰ ਨੂੰ ਪਠਾਨਕੋਟ ਦੇ ਇਤਿਹਾਸਕ ਸਰਹੱਦੀ ਕਸਬੇ ਮਾਧੋਪੁਰ ਤੋਂ ਇਸ ਮੈਗਾ ਐਂਟੀ ਡਰੱਗਜ਼ ਯਾਤਰਾ ਦੀ ਰਸਮੀ ਸ਼ੁਰੂਆਤ ਕਰਨਗੇ। ਇਹ ਵਿਸ਼ੇਸ਼ ਮੁਹਿੰਮ 13 ਦਿਨਾਂ ਦੇ ਵਕਫ਼ੇ ਦੌਰਾਨ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ।

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਦੇ ਨਾਅਰੇ ਹੇਠ ਚਾਰ ਰਾਜਵਿਆਪੀ “ਨਸ਼ਾ ਮੁਕਤ ਪੰਜਾਬ ਯਾਤਰਾਵਾਂ” ਕੱਢੀਆਂ ਜਾਣਗੀਆਂ। ਇਨ੍ਹਾਂ ਯਾਤਰਾਵਾਂ ਰਾਹੀਂ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਇੱਕ ਵਿਆਪਕ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ। ਇਹ ਐਲਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਅਤੇ ਯਾਤਰਾਵਾਂ ਦੇ ਇੰਚਾਰਜ ਰਾਜੇਸ਼ ਬਾਘਾ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦੀ ਮੌਜੂਦਗੀ ਵਿੱਚ ਕੀਤਾ।

ਢਿੱਲੋਂ ਨੇ ਕਿਹਾ ਕਿ ਇਹ ਯਾਤਰਾ ਅੱਜ ਪੰਜਾਬ ਦੇ ਸਾਹਮਣੇ ਖੜ੍ਹੀਆਂ ਤਿੰਨ ਵੱਡੀਆਂ ਚੁਣੌਤੀਆਂ- ਵਧਦਾ ਨਸ਼ਾ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਤਹਿਸੀਲ ਤੇ ਥਾਣੇ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਸ਼ਾਸਨ ਦੇ ਹਰ ਪੱਧਰ ’ਤੇ ਫੈਲਿਆ ਭ੍ਰਿਸ਼ਟਾਚਾਰ ਉਤੇ ਕੇਂਦਰਿਤ ਹੋਵੇਗੀ।
ਯਾਤਰਾ ਦੇ 4 ਪ੍ਰਮੁੱਖ ਰੂਟ ਇਸ ਤਰ੍ਹਾਂ ਰਹਿਣਗੇ

ਪਹਿਲਾ ਰੂਟ: ਇਹ ਰੂਟ ਸੁਜਾਨਪੁਰ, ਪਠਾਨਕੋਟ, ਭੋਆ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ, ਬਟਾਲਾ, ਫ਼ਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਅਟਾਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ, ਮਜੀਠਾ, ਜੰਡਿਆਲਾ, ਬਾਬਾ ਬਕਾਲਾ, ਤਰਨਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ, ਫ਼ਿਰੋਜ਼ਪੁਰ ਸ਼ਹਿਰੀ, ਗੁਰੂਹਰਸਹਾਏ, ਫ਼ਿਰੋਜ਼ਪੁਰ ਦਿਹਾਤੀ, ਜ਼ੀਰਾ, ਸੁਲਤਾਨਪੁਰ ਲੋਧੀ, ਭੁਲੱਥ, ਨਕੋਦਰ, ਸ਼ਾਹਕੋਟ ਅਤੇ ਜਲੰਧਰ ਛਾਉਣੀ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਦੀ ਲੰਘੇਗਾ।

ਦੂਜਾ ਰੂਟ: 19 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦੂਜੀ ਯਾਤਰਾ ਆਰੰਭ ਹੋਵੇਗੀ। ਇਹ ਸਮਰਾਲਾ, ਪਾਇਲ, ਖੰਨਾ, ਅਮਲੋਹ, ਫ਼ਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਡੇਰਾਬੱਸੀ, ਮੋਹਾਲੀ, ਖਰੜ, ਚਮਕੌਰ ਸਾਹਿਬ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮਚੌਰਾਸੀ, ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਆਦਮਪੁਰ, ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਫ਼ਗਵਾੜਾ ਹਲਕਿਆਂ ਨੂੰ ਕਵਰ ਕਰੇਗੀ।

ਤੀਜਾ ਰੂਟ: ਤੀਜੀ ਯਾਤਰਾ ਦਾ ਆਗਾਜ਼ 20 ਸਤੰਬਰ ਨੂੰ ਫ਼ਾਜ਼ਿਲਕਾ ਸਥਿਤ ਸਾਦਕੀ ਸਰਹੱਦ (ਆਸਫ਼ਵਾਲਾ 1971 ਯੁੱਧ ਸਮਾਰਕ) ਤੋਂ ਹੋਵੇਗਾ। ਇੱਥੋਂ ਸ਼ੁਰੂ ਹੋ ਕੇ ਯਾਤਰਾ ਫ਼ਾਜ਼ਿਲਕਾ, ਬੱਲੂਆਣਾ, ਅਬੋਹਰ, ਜਲਾਲਾਬਾਦ, ਸ਼੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਜੈਤੋ, ਕੋਟਕਪੂਰਾ, ਫ਼ਰੀਦਕੋਟ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਮੋਗਾ, ਜਗਰਾਓਂ, ਰਾਏਕੋਟ, ਦਾਖਾ, ਮਲੇਰਕੋਟਲਾ, ਅਮਰਗੜ੍ਹ, ਗਿੱਲ, ਸਾਹਨੇਵਾਲ ਅਤੇ ਲੁਧਿਆਣਾ ਦੇ ਸਮੁੱਚੇ ਸ਼ਹਿਰੀ ਹਲਕਿਆਂ ਵਿੱਚੋਂ ਹੁੰਦੀ ਹੋਈ ਅੱਗੇ ਵਧੇਗੀ।

ਚੌਥਾ ਰੂਟ: 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕ ਕੇ ਚੌਥੀ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਹ ਰੂਟ ਤਲਵੰਡੀ ਸਾਬੋ, ਮੌੜ, ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭਦੌੜ, ਬਰਨਾਲਾ, ਮਹਿਲ ਕਲਾਂ, ਧੂਰੀ, ਸੰਗਰੂਰ, ਸੁਨਾਮ, ਦਿੜ੍ਹਬਾ, ਲਹਿਰਾਗਾਗਾ, ਸ਼ੁਤਰਾਣਾ, ਨਾਭਾ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸਨੌਰ ਅਤੇ ਰਾਜਪੁਰਾ ਦੇ ਖੇਤਰਾਂ ਨੂੰ ਕਵਰ ਕਰੇਗਾ।

ਢਿੱਲੋਂ ਨੇ ਕਿਹਾ ਕਿ ਇਹ ਸਿਰਫ਼ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਵਾਲੀ ਯਾਤਰਾ ਨਹੀਂ ਹੈ, ਸਗੋਂ ਨਸ਼ਿਆਂ ਕਾਰਨ ਪੰਜਾਬੀਅਤ, ਸਾਡੀ ਸੰਸਕ੍ਰਿਤੀ, ਕਦਰਾਂ-ਕੀਮਤਾਂ, ਹਿੰਮਤ ਅਤੇ ਗੁਰੂਆਂ ਦੀ ਧਰਤੀ ਦੀ ਮਾਣਮੱਤੀ ਪਛਾਣ ਸਾਹਮਣੇ ਪੈਦਾ ਹੋਏ ਗੰਭੀਰ ਖ਼ਤਰੇ ਦਾ ਟਾਕਰਾ ਕਰਨ ਦਾ ਯਤਨ ਹੈ। ਨਸ਼ਿਆਂ ਦਾ ਸੰਕਟ ਪਰਿਵਾਰਾਂ ਨੂੰ ਤੋੜ ਰਿਹਾ ਹੈ, ਖ਼ਾਸ ਤੌਰ ’ਤੇ ਮਾਵਾਂ ਅਤੇ ਭੈਣਾਂ ਨੂੰ ਭਾਰੀ ਪੀੜਾ ਦੇ ਰਿਹਾ ਹੈ। ਪੰਜਾਬ ਦੇ ਨੌਜਵਾਨ, ਜੋ ਰਵਾਇਤੀ ਤੌਰ ’ਤੇ ਹਥਿਆਰਬੰਦ ਸੈਨਾਵਾਂ, ਖੇਡਾਂ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਹਨ, ਨਸ਼ਿਆਂ ਦੀ ਲਤ ਵੱਲ ਧੱਕੇ ਜਾ ਰਹੇ ਹਨ। ਇਸ ਨਾਲ ਅਪਰਾਧ, ਹਿੰਸਾ ਅਤੇ ਗੈਂਗ ਨਾਲ ਸਬੰਧਤ ਗਤੀਵਿਧੀਆਂ ਨੂੰ ਬੜਾਵਾ ਮਿਲ ਰਿਹਾ ਹੈ, ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਵਿਗੜ ਰਹੀ ਹੈ ਅਤੇ ਇਲਾਜ ਲਈ ਕਰਜ਼ਾ ਲੈਣ ਜਾਂ ਆਪਣੀ ਜ਼ਮੀਨ ਅਤੇ ਜਾਇਦਾਦ ਵੇਚਣ ਲਈ ਮਜਬੂਰ ਪਰਿਵਾਰਾਂ ’ਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ।