ਅਰਬਾਂ ਦੀ ਜਾਇਦਾਦ ਵਾਲੀ ਅਮਰੀਕੀ ਕੰਪਨੀ ਵੀਵਰਕ ਨੇ ਅਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕੀਤਾ ਹੈ। ਸਾਲਾਂ ਤੋਂ ਸੰਕਟ ਨਾਲ ਜੂਝ ਰਹੀ ਕੋ-ਵਰਕਿੰਗ ਸਪੇਸ ਕੰਪਨੀ ਨੇ ਹੁਣ ਇਹ ਕਦਮ ਚੁੱਕਿਆ ਹੈ। ਆਫਿਸ ਸ਼ੇਅਰਿੰਗ ਕੰਪਨੀ ਵੀਵਰਕ ਨੇ ਸੋਮਵਾਰ ਨੂੰ ਨਿਊ ਜਰਸੀ ਦੀ ਸੰਘੀ ਅਦਾਲਤ ਵਿਚ ਦੀਵਾਲੀਆਪਨ ਐਲਾਨੇ ਜਾਣ ਲਈ ਅਪਲਾਈ ਕੀਤਾ ਹੈ।

ਫਰਮ ਨੇ ਅਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰਨ ਲਈ ਨਿਊ ਜਰਸੀ ਦੀ ਅਦਾਲਤ ਵਿਚ ਦਿਤੀ ਗਈ ਅਰਜ਼ੀ ਵਿਚ ਕਿਹਾ ਹੈ ਕਿ ਉਸ ਕੋਲ 10 ਡਾਲਰ ਤੋਂ 50 ਬਿਲੀਅਨ ਡਾਲਰ ਦੀਆਂ ਦੇਣਦਾਰੀਆਂ ਹਨ। ਫਾਈਲ ਕਰਨ ਤੋਂ ਬਾਅਦ ਵੀਵਰਕ ਨੂੰ ਅਪਣੇ ਲੈਣਦਾਰਾਂ ਤੋਂ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਰਿਣਦਾਤਾਵਾਂ ਨਾਲ ਗੱਲਬਾਤ ਕਰਨਾ ਆਸਾਨ ਹੋ ਜਾਵੇਗਾ। ਵੀਵਰਕ ਸਸਤੇ ਭਾਅ ‘ਤੇ ਸਟਾਰਟਅਪਸ ਅਤੇ ਫ੍ਰੀਲਾਂਸਰਾਂ ਨੂੰ ਕਿਰਾਏ ‘ਤੇ ਜਗ੍ਹਾ ਪ੍ਰਦਾਨ ਕਰਦਾ ਸੀ। ਇਕ ਸਮਾਂ ਸੀ ਜਦੋਂ ਇਸ ਨੂੰ ‘ਭਵਿੱਖ ਵਿਚ ਦਫਤਰ ਕਿਵੇਂ ਦਿਖਾਈ ਦੇਣਗੇ ਇਸ ਦੀ ਇਕ ਉਦਾਹਰਣ’ ਵਜੋਂ ਦਰਸਾਇਆ ਗਿਆ ਸੀ।

ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ, “ਵੀਵਰਕ ਅਤੇ ਇਸ ਦੀਆਂ ਕੁੱਝ ਸੰਸਥਾਵਾਂ ਨੇ ਯੂਐਸ ਦਿਵਾਲੀਆ ਕੋਡ ਦੇ ਚੈਪਟਰ 11 ਦੇ ਤਹਿਤ ਸੁਰੱਖਿਆ ਲਈ ਅਰਜ਼ੀ ਦਿਤੀ ਹੈ, ਅਤੇ ਕੈਨੇਡਾ ਵਿਚ ਇਕ ਅਪੀਲ ਦਾਇਰ ਕਰਨ ਦੀ ਯੋਜਨਾ ਬਣਾਈ ਹੈ।”

ਵੀਵਰਕ ਦੇ ਮੁੱਖ ਕਾਰਜਕਾਰੀ ਡੇਵਿਡ ਟੋਲੀ ਨੇ ਕਿਹਾ ਕਿ ਉਹ ” ਵਿੱਤੀ ਹਿੱਸੇਦਾਰਾਂ ਦੇ ਸਮਰਥਨ ਲਈ ਬਹੁਤ ਸ਼ੁਕਰਗੁਜ਼ਾਰ ਹਨ ਜੋ ਸਾਡੀ ਪੂੰਜੀ ਨੂੰ ਮਜ਼ਬੂਤ ​​ਕਰਨ ਅਤੇ ਸਾਡੀ ਪੁਨਰਗਠਨ ਯੋਜਨਾ ਦਾ ਸਮਰਥਨ ਕਰਨ ਲਈ ਕੰਮ ਕਰ ਰਹੇ ਹਨ।” ਦੱਸ ਦੇਈਏ ਕਿ ਵੀਵਰਕ ਇੰਡੀਆ ਦੇ ਭਾਰਤ ਦੇ 7 ਸ਼ਹਿਰਾਂ – ਨਵੀਂ ਦਿੱਲੀ, ਗੁਰੂਗ੍ਰਾਮ, ਨੋਇਡਾ, ਮੁੰਬਈ, ਬੈਂਗਲੁਰੂ, ਪੁਣੇ ਅਤੇ ਹੈਦਰਾਬਾਦ ਵਿਚ 50 ਕੇਂਦਰ ਹਨ।