ਵਾਸ਼ਿੰਗਟਨ: ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਇਕ ਨਵੀਂ ਨੀਤੀ ਪੇਸ਼ ਕਰੇਗਾ ਜੋ ਕਮਰਸ਼ੀਅਲ ‘ਸਪਾਈਵੇਅਰ’ ਦੀ ਦੁਰਵਰਤੋਂ ਵਿਚ ਸ਼ਾਮਲ ਵਿਦੇਸ਼ੀ ਨਾਗਰਿਕਾਂ ’ਤੇ ਵੀਜ਼ਾ ਪਾਬੰਦੀਆਂ ਲਗਾਏਗੀ।

ਪ੍ਰਸ਼ਾਸਨ ਦੀ ਨੀਤੀ ਉਨ੍ਹਾਂ ਲੋਕਾਂ ’ਤੇ ਲਾਗੂ ਹੋਵੇਗੀ ਜੋ ਪੱਤਰਕਾਰਾਂ, ਕਾਰਕੁਨਾਂ, ਕਥਿਤ ਅਸੰਤੁਸ਼ਟਾਂ, ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਦੇ ਮੈਂਬਰਾਂ ਜਾਂ ਇੱਥੋਂ ਤਕ ਕਿ ਜਾਸੂਸੀ ਰਾਹੀਂ ਟਰੈਕ ਕੀਤੇ ਗਏ ਵਿਅਕਤੀਆਂ ਦੇ ਪਰਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਵਪਾਰਕ ‘ਸਪਾਈਵੇਅਰ’ ਦੀ ਦੁਰਵਰਤੋਂ ’ਚ ਸ਼ਾਮਲ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਪਾਬੰਦੀ ਉਨ੍ਹਾਂ ਲੋਕਾਂ ’ਤੇ ਵੀ ਲਾਗੂ ਹੋ ਸਕਦੀ ਹੈ ਜੋ ਕਮਰਸ਼ੀਅਲ ਸਪਾਈਵੇਅਰ ਦੀ ਦੁਰਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਜਾਂ ਇਸ ਤੋਂ ਵਿੱਤੀ ਲਾਭ ਪ੍ਰਾਪਤ ਕਰਦੇ ਹਨ।

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਨਵੀਂ ਨੀਤੀ ਦਾ ਐਲਾਨ ਕਰਦੇ ਹੋਏ ਇਕ ਬਿਆਨ ਵਿਚ ਕਿਹਾ, ‘‘ਅਮਰੀਕਾ ਦਮਨ ਨੂੰ ਉਤਸ਼ਾਹਤ ਕਰਨ, ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ ਸੀਮਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਦੁਨੀਆਂ ਭਰ ਵਿਚ ਕਮਰਸ਼ੀਅਲ ਸਪਾਈਵੇਅਰ ਦੀ ਵੱਧ ਰਹੀ ਦੁਰਵਰਤੋਂ ਤੋਂ ਚਿੰਤਤ ਹੈ।’’

ਉਨ੍ਹਾਂ ਕਿਹਾ, ‘‘ਕਮਰਸ਼ੀਅਲ ਸਪਾਈਵੇਅਰ ਦੀ ਦੁਰਵਰਤੋਂ ਗੁਪਤਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਇਕੱਠ ਅਤੇ ਇਕੱਠੇ ਹੋਣ ਦੀ ਆਜ਼ਾਦੀ ਲਈ ਖਤਰਾ ਹੈ। ਸੱਭ ਤੋਂ ਗੰਭੀਰ ਮਾਮਲਿਆਂ ’ਚ ਜਾਸੂਸੀ ਰਾਹੀਂ ਅਜਿਹੀ ਨਿਗਰਾਨੀ ਵਲੋਂ ਮਨਮਰਜ਼ੀ ਨਾਲ ਹਿਰਾਸਤ ’ਚ ਰਖਣਾ , ਅਗਵਾ ਕਰਨਾ ਅਤੇ ਗੈਰ-ਨਿਆਂਇਕ ਕਤਲ ਸ਼ਾਮਲ ਹਨ।’’ ਬਾਈਡਨ ਨੇ ਲਗਭਗ ਇਕ ਸਾਲ ਪਹਿਲਾਂ ਇਕ ਹੋਰ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਵਿਚ ਅਮਰੀਕੀ ਸਰਕਾਰ ਦੇ ਕਮਰਸ਼ੀਅਲ ਸਪਾਈਵੇਅਰ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਸੀ ਜੋ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੀ ਹੈ।