ਕਿਹਾ- ਗਾਜ਼ਾ ਵਿਚ ਹੋ ਰਹੀ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਾਂਗਾ
ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਸੰਸਦ ਵਿਚ ਗਾਜ਼ਾ-ਇਜ਼ਰਾਈਲ ਸਬੰਧੀ ਸਕਾਟਿਸ਼ ਨੈਸ਼ਨਲ ਪਾਰਟੀ ਵਲੋਂ ਲਿਆਂਦੇ ਗਏ ਮਤੇ ’ਤੇ ਵੋਟ ਨਾ ਪਾਉਣ ਤੋਂ ਬਾਅਦ ਮਿਲੀ ਹੈ। ਇਸ ਦੌਰਾਨ ਢੇਸੀ ਨੇ ਕਿਹਾ ਕਿ ਉਹ ਹਰ ਹਾਲ ਵਿਚ ਗਾਜ਼ਾ ‘ਚ ਹੋ ਰਹੀ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਣਗੇ।
ਢੇਸੀ ਨੇ ਸਕਾਟਿਸ਼ ਨੈਸ਼ਨਲ ਪਾਰਟੀ ਵਲੋਂ ਇਜ਼ਰਾਈਲ-ਹਮਾਸ ਜੰਗਬੰਦੀ ਕਰਨ ਦੀ ਮੰਗ ਕਰਦੇ ਹੋਏ ਪੇਸ਼ ਕੀਤੇ ਗਏ ਮਤੇ ‘ਤੇ ਵੋਟ ਪਾਉਣ ਤੋਂ ਪ੍ਰਹੇਜ ਕੀਤਾ ਹੈ। ਅਹਿੰਸਾ ‘ਤੇ ਦੋ ਰਾਜ਼ੀ ਹੱਲ ਲਈ ਸਥਾਈ ਸ਼ਾਂਤੀ ਵੱਲ ਕਦਮ ਚੁੱਕਣ ਲਈ ਲੇਬਰ ਵਲੋਂ ਪੇਸ਼ ਕੀਤੇ ਗਏ ਮਤੇ ਲਈ ਵੋਟ ਪਾਈ ਸੀ। ਲੇਬਰ ਨੇਤਾ ਸਰ ਕੀਰ ਸਟਾਰਮਰ ਨੇ ਅਪਣੇ ਸੰਸਦ ਮੈਂਬਰਾਂ ਨੂੰ ਸਕਾਟਿਸ਼ ਨੈਸ਼ਨਲ ਪਾਰਟੀ ਮਤੇ ‘ਤੇ ਪ੍ਰਹੇਜ਼ ਕਰਨ ਲਈ ਕਿਹਾ ਸੀ ਜਦਕਿ ਉਸ ਦੇ 8 ਫਰੰਟ ਬੈਂਚਰਾਂ ਨੇ ਇਸ ਲਈ ਵੋਟ ਪਾਉਣ ਲਈ ਅਸਤੀਫਾ ਦਿਤਾ ਸੀ।
ਢੇਸੀ ਨੂੰ ਐਸ.ਐਨ.ਪੀ. ਮੋਸ਼ਨ ‘ਤੇ ਗੈਰ ਹਾਜ਼ਰ ਰਹਿਣ ਕਾਰਨ ਦੁਰਵਿਵਹਾਰ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਦਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਨਮਨਜੀਤ ਸਿੰਘ ਢੇਸੀ ਨੇ ਸੋਸ਼ਲ ਮੀਡੀਆ ਉਤੇ ਕਿਹਾ ਕਿ ਇਹ ਧਮਕੀਆਂ ਮੈਨੂੰ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਣ ਤੋਂ ਨਹੀਂ ਰੋਕ ਸਕਣਗੀਆਂ।