ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ। ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਸਵਾ ਦੋ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ। SIT ਸਾਹਮਣੇ ਪੇਸ਼ੀ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਇਹ ਚੌਥੀ ਵਾਰ ਹੈ, ਜਦੋਂ SIT ਨੇ ਉਨ੍ਹਾਂ ਨੂੰ ਬੁਲਾਇਆ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਟੀਚਾ ਇਹ ਹੈ ਕਿ ਕੋਈ ਵੀ ਜਾਂਚ ਹੋਵੇ, ਅਸਲੀ ਦੋਸ਼ੀ ਫੜੇ ਜਾਣੇ ਚਾਹੀਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਪਰ ਇੱਥੇ ਦੋਸ਼ੀ ਫੜਨ ਵਾਸਤੇ SIT ਨਹੀਂ ਬਣਾਈ ਗਈ, ਸਗੋਂ ਸਿਆਸੀ ਲੜਾਈ ਲੜਨ ਵਾਸਤੇ SIT ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ 11 ਸਾਲ ਹੋ ਚੁੱਕੇ ਹਨ, ਅਜੇ ਤੱਕ SIT ਨੇ ਜਾਂਚ ਹੀ ਖ਼ਤਮ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਤਲ ਹੋ ਜਾਂਦਾ ਹੈ ਤਾਂ ਮਿੰਟ ‘ਚ ਦੋਸ਼ੀ ਫੜ ਲੈਂਦੇ ਹਨ।

SIT ਸਾਹਮਣੇ ਪੇਸ਼ੀ ਬੇਮਤਲਬ ਦੱਸਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਸਵਾਲ-ਜਵਾਬ ਨਹੀਂ ਕੀਤਾ ਗਿਆ, ਬਸ ਗੱਲ ਇਹ ਹੈ ਕਿ ਉਹ ਮੀਡਿਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੁਲਾ ਕੇ ਕੀ ਕਰ ਲੈਣਗੇ। ਇਹ ਬਸ ਬਿਰਤਾਂਤ ਘੜਿਆ ਜਾ ਰਿਹਾ ਹੈ ਤੇ ਸਾਰਾ ਹੀ ਡਰਾਮਾ ਹੈ। ਉਨ੍ਹਾਂ ਨੇ ਕਿਹਾ ਕਿ ਨਾ ਅਕਾਲੀ ਦਲ ਡਰੇ ਨਾ ਝੁਕੇ।

ਅਕਤੂਬਰ 2015 ਚ, ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਵਿਖੇ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਕੀਤੀ। ਉਸ ਸਮੇਂ, ਲੋਕ ਬਹਿਬਲ ਕਲਾਂ, ਕੋਟਕਪੂਰਾ ਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰ ਰਹੇ ਸਨ। ਪੁਲਿਸ ਗੋਲੀਬਾਰੀ ਚ ਦੋ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋਏ ਸਨ।