ਮੋਗਾ:ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਅਤੇ ਸੂਬੇ ਦੇ ਸਿਆਸੀ ਆਗੂਆਂ ਨੇ ਨੌਜਵਾਨ ਪੀੜ੍ਹੀ ਖ਼ਾਸ ਕਰਕੇ ‘ਜੈੱਨ-ਜ਼ੀ’ (Gen-Z) ਵੋਟਰਾਂਤੱਕ ਸਿੱਧੀ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਅਜੋਕੇ ਦੌਰ ਵਿੱਚ ਨੌਜਵਾਨ ਕਿਸੇ ਵੀ ਚੋਣ ਜਿੱਤਣ ਵਿੱਚ ਸਭ ਤੋਂ ਅਹਿਮ ਕੜੀ ਸਾਬਤ ਹੋ ਰਹੇ ਹਨ, ਜਿਸ ਕਾਰਨ ਲੀਡਰਾਂ ਨੇ ਆਪਣੇ ਰਵਾਇਤੀ ਅੰਦਾਜ਼ ਨੂੰ ਛੱਡ ਕੇ ਨੌਜਵਾਨਾਂ ਦੇ ਹਾਣ ਦਾ ਹੋਣ ਲਈ ਅਨੋਖੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ’ਵਾਈਬ ਪੰਜਾਬ ਦੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ’ਸੁਖਬੀਰ ਬਾਈ ਫਾਰ 2027’ ’ਤੇ ਮੋਹਰ ਲਗਾਈ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪੰਜਾਬ ਦੀ ਤਕਦੀਰ ਬਦਲਣ ਲਈ ਇਕ ਮੌਕਾ ਦੇਣ ਦੀ ਅਪੀਲ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਆਖਿਆ ਕਿ ਉਹ ਉਹਨਾਂ ਦੇ ਜੀਵਨ ਵਿਚ ਖੁਸ਼ੀਆਂ ਖੇੜਾ ਤੇ ਤਰੱਕੀ ਲੈ ਕੇ ਆਉਣਗੇ। ਇਥੇ ਗੁਰੂ ਨਾਨਕ ਕਾਲਜ ਵਿਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਹਾਨੂੰ ਅਕਾਲੀ ਦਲ ਅਤੇ ਮੇਰੇ ’ਤੇ ਮਾਣ ਮਹਿਸੂਸ ਹੋਵੇਗਾ।
ਵਾਈਬ ਪੰਜਾਬ ਦੀ ਪ੍ਰੋਗਰਾਮ ਦੌਰਾਨ ਬਾਦਲ ਨੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਜਿਸ ਦੌਰਾਨ ਉਹਨਾਂ ਨੇ ਚੰਡੀਗੜ੍ਹ ਕਾਲਜ ਆਫ ਆਰਟ ਜਿਥੇ ਉਹਨਾਂ ਨੇ ਕਾਂਸੀ ਤੇ ਫਾਇਬਰਗਲਾਸ ਦੇ ਬੁੱਤ ਬਣਾਏ, ਤੋਂ ਲੈ ਕੇ ਉਹਨਾਂ ਨੇ ਪਸ਼ੂਆਂ ਨਾਲ ਪਿਆਰ ਤੇ ਹਰ ਸਵੇਰੇ ਦੋ ਘੰਟੇ ਉਹਨਾਂ ਨਾਲ ਬਿਤਾਉਣ ਸਮੇਤ ਪਿੰਡ ਵਿਚ ਰਹਿਣ ਤੇ ਪੀਜ਼ਾ ਨਾਲੋਂ ਛੋਲੇ ਭਟੂਰੇ ਨੂੰ ਪਸੰਦ ਕਰਨ ਬਾਰੇ ਗੱਲ ਕੀਤੀ।
ਉਹਨਾਂ ਨੇ ਸੂਬੇ ਲਈ ਆਪਣੀ ਕਾਰਜ ਯੋਜਨਾ ਦੀ ਗੱਲ ਕਰਦਿਆਂ ਕਬੂਲ ਕੀਤਾ ਕਿ ਉਹ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਤਾਂ ਨਹੀਂ ਬਣ ਸਕਦੇ। ਉਹਨਾਂ ਕਿਹਾ ਕਿ ਅੱਜ ਦੇ ਆਗੂ ਸਿਆਸਤ ਨੂੰ ਹਲਕੇ ਵਿਚ ਲੈਂਦੇ ਹਨ। ਉਹਨਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਤੁਲਨਾ ਕਦੇ ਵੀ ਮੇਰੇ ਪਿਤਾ ਨਾਲ ਨਹੀਂ ਕੀਤੀ ਜਾ ਸਕਦੀ ਪਰ ਮੈਂ ਆਪਣੇ ਵੱਲੋਂ ਸਰਵੋਤਮ ਕਾਰਗੁਜ਼ਾਰੀ ਲਈ ਯਤਨ ਕਰਾਂਗਾ। ਉਹਨਾਂ ਨੇ ਇਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਚ ਤੇਜ਼ੀ ਨਾਲ ਉਦਯੋਗਿਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਾਨੂੰ ਆਈ ਟੀ ਦੇ ਨਾਲ-ਨਾਲ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਵਿਚ ਤਰੱਕੀ ਦੀ ਜ਼ਰੂਰਤ ਹੈ। ਉਹਨਾਂ ਨੇ ਸਾਹਿਬ ਸਿੰਘ ਨਾਮ ਦੇ ਵਿਦਿਆਰਥੀ ਨੂੰ ਇਹ ਵੀ ਦੱਸਿਆ ਕਿ ਉਹ ਆਪਣਾ ਫਾਰਮ ਹਾਊਸ ਵਿਖਾ ਕੇ ਦੱਸਣਗੇ ਕਿ ਕਿਵੇਂ ਉਹ ਸਟ੍ਰੋਅਬੈਰੀ ਤੇ ਬਲੂਬੈਰੀ ਉਗਾ ਰਹੇ ਹਨ ਤੇ ਉਹ 25 ਅਕਤੂਬਰ ਨੂੰ ਇਸਦਾ ਖੁਲ੍ਹਾਸਾ ਕਰਨਗੇ। ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਕਿਇਹ ਤਕਨਾਲੋਜੀ ਮਹਿੰਗੀ ਹੈ ਪਰ ਪੰਜਾਬ ਸਰਕਾਰ ਇਸ ’ਤੇ 75 ਫੀਸਦੀ ਸਬਸਿਡੀ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਵੀ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਸਿੱਖਿਆ ਸਮਝਣ, ਪੜ੍ਹਨ ਤੇ ਯਾਦ ਕਰਨ ਦੇ ਮਾਮਲੇ ਵਿਚ ਬਹੁਤ ਕੰਮ ਕਰਨਾ ਪਵੇਗਾ। ਉਹਨਾਂ ਨੇ ਹਰਮਨਦੀਪ ਥਿੰਦ ਨੂੰ ਦੱਸਿਆ ਕਿ ਸਾਰੇ ਵਿਕਸਤ ਦੇਸ਼ਾਂ ਵਿਚ ਸਿੱਖਿਆ ਬਹੁਤ ਵਿਹਾਰਕ (ਪ੍ਰੈਕਟਿਕਲ) ਹੈ ਤੇ ਪੰਜਾਬ ਵਿਚ ਇਹੋ ਕਰਨ ਦੀ ਜ਼ਰੂਰਤ ਹੈ।
ਬਾਦਲ ਨੇ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਸ਼ਿਆਂ ਦਾ ਖ਼ਾਤਮਾ ਕਰੇਗਾ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਨਾਲ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਉਹਨਾਂ ਦੀਆਂ ਸਾਰੀਆਂ ਜਾਇਦਾਦਾਂ ਸਖ਼ਤ ਕਾਨੂੰਨਾਂ ਨਾਲ ਜ਼ਬਤ ਕੀਤੀਆਂ ਜਾਣਗੀਆਂ।
