ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 22 ਅਕਤੂਬਰ ਤੋਂ ਸ਼ੁਰੂ ਹੋ ਕੇ 27 ਅਕਤੂਬਰ ਤੱਕ ਚੱਲੇਗਾ। ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਅਤੇ ਗੈਰ-ਸਰਕਾਰੀ ਕੰਮਕਾਜ ਨਿਪਟਾਇਆ ਜਾਵੇਗਾ। ਇਸ ਦੌਰਾਨ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਬਣਾਏ ਕਾਨੂੰਨ ਵਿੱਚ ਸੋਧਾਂ ਦੇ ਮੁੱਦੇ ’ਤੇ ਸਦਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਨਾਲ ਵਪਾਰ ਸਮਝੌਤੇ ਦਾ ਮੁੱਦਾ ਵੀ ਉੱਠਣ ਦੇ ਆਸਾਰ
ਇਜਲਾਸ ਦੌਰਾਨ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਵੀ ਮਤਾ ਲਿਆਂਦੇ ਜਾਣ ਦੀ ਸੰਭਾਵਨਾ ਹੈ।
ਸਰਕਾਰ ਪਹਿਲਾਂ ਹੀ ਇਸ ਸਮਝੌਤੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਦਾ ਵਾਅਦਾ ਕਰ ਚੁੱਕੀ ਹੈ। ਅਜਿਹੇ ਵਿੱਚ ਵਿਧਾਨ ਸਭਾ ਵਿੱਚ ਇਸ ਮੁੱਦੇ ’ਤੇ ਚਰਚਾ ਹੋ ਸਕਦੀ ਹੈ।
ਸਾਲ 2026 ਵਿੱਚ ਹੁਣ ਤੱਕ ਹੋਏ ਵਿਧਾਨ ਸਭਾ ਦੇ ਇਜਲਾਸ
ਸਾਲ 2026 ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ, ਦੋ ਵਿਸ਼ੇਸ਼ ਇਜਲਾਸ ਅਤੇ ਮਾਨਸੂਨ ਇਜਲਾਸ ਹੋ ਚੁੱਕੇ ਹਨ। ਇਨ੍ਹਾਂ ਦੌਰਾਨ ਬਜਟ ਪੇਸ਼ ਕਰਨ, ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ, ਸਰਕਾਰ ਦਾ ਬਹੁਮਤ ਸਾਬਤ ਕਰਨ ਅਤੇ ਵੱਖ-ਵੱਖ ਬਿੱਲਾਂ ਨੂੰ ਮਨਜ਼ੂਰੀ ਦੇਣ ਵਰਗੇ ਅਹਿਮ ਮੁੱਦੇ ਵਿਚਾਰੇ ਗਏ।
– ਬਜਟ ਇਜਲਾਸ (6 ਤੋਂ 16 ਮਾਰਚ): ਪੰਜਾਬ ਵਿਧਾਨ ਸਭਾ ਦਾ 12ਵਾਂ ਇਜਲਾਸ 6 ਮਾਰਚ ਨੂੰ ਸ਼ੁਰੂ ਹੋਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 8 ਮਾਰਚ ਨੂੰ ਬਜਟ ਪੇਸ਼ ਕੀਤਾ। ਇਸ ਦੌਰਾਨ ਸੱਤ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ। ਵਿਰੋਧੀ ਧਿਰ ਨੇ ਸੂਬੇ ਦੇ ਕਰਜ਼ੇ, ਕਾਨੂੰਨ-ਵਿਵਸਥਾ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ।
– ਪਹਿਲਾ ਵਿਸ਼ੇਸ਼ ਇਜਲਾਸ (13 ਅਪ੍ਰੈਲ): ਵਿਸਾਖੀ ਮੌਕੇ ਸੱਦੇ ਗਏ ਇੱਕ ਰੋਜ਼ਾ ਇਜਲਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਨਾਲ ਸਬੰਧਤ ਬਿੱਲ ’ਤੇ ਚਰਚਾ ਹੋਈ ਅਤੇ ਇਸ ਨੂੰ ਪਾਸ ਕੀਤਾ ਗਿਆ।
– ਦੂਜਾ ਵਿਸ਼ੇਸ਼ ਇਜਲਾਸ (1 ਮਈ): ਮਜ਼ਦੂਰ ਦਿਵਸ ਮੌਕੇ ਹੋਏ ਇਜਲਾਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸੇ ਦਾ ਮਤਾ ਪੇਸ਼ ਕੀਤਾ। ਆਮ ਆਦਮੀ ਪਾਰਟੀ ਦੇ 88 ਵਿਧਾਇਕਾਂ ਦੇ ਸਮਰਥਨ ਨਾਲ ਇਹ ਮਤਾ ਪਾਸ ਹੋਇਆ। ਇਸੇ ਦਿਨ ਸਰਕਾਰ ਨੇ ਘੱਟੋ-ਘੱਟ ਦਿਹਾੜੀ 483 ਰੁਪਏ ਤੋਂ ਵਧਾ ਕੇ 555.45 ਰੁਪਏ ਕਰਨ ਦਾ ਐਲਾਨ ਕੀਤਾ।
– ਮਾਨਸੂਨ ਇਜਲਾਸ (3 ਤੋਂ 10 ਅਗਸਤ): ਵਿਧਾਨ ਸਭਾ ਦੇ 13ਵੇਂ ਇਜਲਾਸ ਦੌਰਾਨ ਵਿਧਾਨਕ ਕੰਮਕਾਜ ਤੇਜ਼ੀ ਨਾਲ ਨਿਪਟਾਇਆ ਗਿਆ। ਆਖ਼ਰੀ ਦਿਨ ਨੌਂ ਬਿੱਲ ਪਾਸ ਕੀਤੇ ਗਏ। ਇਨ੍ਹਾਂ ਵਿੱਚ ਕਰ ਪ੍ਰਣਾਲੀ, ਮੁਲਾਜ਼ਮਾਂ ਨਾਲ ਸਬੰਧਤ ਪ੍ਰਬੰਧਾਂ, ਰੁੱਖਾਂ ਦੀ ਸੁਰੱਖਿਆ ਅਤੇ ਨਿੱਜੀ ਯੂਨੀਵਰਸਿਟੀਆਂ ਦੀ ਸਥਾਪਨਾ ਨਾਲ ਜੁੜੇ ਬਿੱਲ ਸ਼ਾਮਲ ਸਨ।
