ਟੋਰਾਂਟੋ, : ਪ੍ਰਵਾਸੀਆਂ ਦੀ ਸੰਘਣੀ ਆਬਾਦੀ ਵਾਲੇ ਗਰੇਟਰ ਟੋਰਾਂਟੋ ਏਰੀਆ ਵਿਚ ਮਾਰਚ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.5 ਫੀ ਸਦੀ ਘਟ ਗਈ ਜਦਕਿ ਕੀਮਤਾਂ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੇ ਅੰਕੜਿਆਂ ਮੁਤਾਬਕ ਜੀ.ਟੀ.ਏ. ਵਿਚ ਮਾਰਚ ਦੌਰਾਨ 6,560 ਘਰ ਵਿਕੇ ਜਦਕਿ ਪਿਛਲੇ ਸਾਲ ਮਾਰਚ ਵਿਚ 6,868 ਘਰਾਂ ਦੀ ਵਿਕਰੀ ਹੋਈ ਸੀ। ਘਰਾਂ ਦੀ ਔਸਤ ਵਿਕਰੀ ਕੀਮਤ 11 ਲੱਖ 21 ਹਜ਼ਾਰ ਡਾਲਰ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ 1.3 ਫੀ ਸਦੀ ਵੱਧ ਬਣਦੀ ਹੈ।
ਰੀਅਲ ਅਸਟੇਟ ਬੋਰਡ ਦੇ ਮੁੱਖ ਬਾਜ਼ਾਰ ਵਿਸ਼ਲੇਸ਼ਕ ਜੇਸਨ ਮਰਸਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਸੰਤ ਰੁੱਤ ਦੌਰਾਨ ਕੀਮਤਾਂ ਹੋਰ ਵਧਣ ਦੇ ਆਸਾਰ ਹਨ ਜਦਕਿ ਮੌਜੂਦਾ ਵਰ੍ਹੇ ਦੇ ਦੂਜੇ ਅੱਧ ਵਿਚ ਮਕਾਨ ਦੀ ਵਿਕਰੀ ਰਫਤਾਰ ਫੜ ਲਵੇਗੀ। ਵਿਆਜ ਦਰਾਂ ਵਿਚ ਕਟੌਤੀ ਮਗਰੋਂ ਵਧੇਰੇ ਲੋਕ ਘਰ ਖਰੀਦਣ ਦਾ ਮਨ ਬਣਾ ਸਕਦੇ ਹਨ। ਦੂਜੇ ਪਾਸੇ ਇਕ ਰੀਅਲ ਅਸਟੇਟ ਕੰਪਨੀ ਦੇ ਮਾਲਕ ਕ੍ਰਿਸ ਕੈਪਚਸ ਦਾ ਕਹਿਣਾ ਸੀ ਕਿ ਵਿਆਜ ਦਰਾਂ, ਘਰ ਖਰੀਦਣ ਦੇ ਇੱਛਕ ਲੋਕਾਂ ਵਾਸਤੇ ਵੱਡੀ ਮੁਸ਼ਕਲ ਬਣੀਆਂ ਹੋਈਆਂ ਹਨ ਅਤੇ ਜੇ ਨੇੜ ਭਵਿੱਖ ਵਿਚ ਵਿਆਜ ਦਰਾਂ ਹੇਠਾਂ ਆਈਆਂ ਤਾਂ ਖਰੀਦਾਰਾਂ ਦੀ ਗਿਣਤੀ ਵਧ ਸਕਦੀ ਹੈ। ਮੌਜੂਦਾ ਸਮੇਂ ਦੇ ਖਰੀਦਾਰ ਬਹੁਤੇ ਉਤਸ਼ਾਹਤ ਨਜ਼ਰ ਨਹੀਂ ਆ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ ’ਤੇ ਭਾਰੀ ਭਰਕਮ ਕਿਸ਼ਤ ਦੀ ਚਿੰਤਾ ਸਾਫ ਦੇਖੀ ਜਾ ਸਕਦੀ ਹੈ। ਵਿਕਰੀ ਲਈ ਆਏ ਮਕਾਨਾਂ ਦੀ ਗਿਣਤੀ ਵੱਲ ਦੇਖਿਆ ਜਾਵੇ ਤਾਂ ਮਾਰਚ 2023 ਦੇ ਮੁਕਾਬਲੇ 15 ਫੀ ਸਦੀ ਵਾਧਾ ਹੋਇਆ ਹੈ।