ਕੈਲੇਫੋਰਨੀਆ: ਅਮਰੀਕਾ ਵਿੱਚ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਵਿਵਾਦ ਦੋ ਪੰਜਾਬੀ ਨੌਜਵਾਨਾਂ ਲਈ ਕਾਲ ਬਣ ਗਿਆ। ਇਸ ਖੂਨੀ ਟਕਰਾਅ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੂਜਾ ਹੁਣ ਆਪਣੀ ਬਾਕੀ ਦੀ ਸਾਰੀ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰੇਗਾ।
ਸੋਸ਼ਲ ਮੀਡੀਆ ਬਣਿਆ ਮੌਤ ਦਾ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ, ਮਿਸੀਸਿਪੀ ਦੇ ਫਲੋਵੁੱਡ ਸ਼ਹਿਰ ਨਾਲ ਸਬੰਧਤ 36 ਸਾਲਾ ਅਮਨਵੀਰ ਸਿੰਘ ਨੇ 23 ਅਪ੍ਰੈਲ 2024 ਨੂੰ ਕੈਲੇਫੋਰਨੀਆ ਦੇ ਰਿਵਰਸਾਈਡ ਇਲਾਕੇ ਦੇ ਰਹਿਣ ਵਾਲੇ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਜੱਜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਟ੍ਰਕਿੰਗ ਖੇਤਰ ਨਾਲ ਜੁੜੇ ਹੋਏ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਇੱਕ-ਦੂਜੇ ਨਾਲ ਖਹਿਬੜ ਪਏ ਸਨ।
ਕੈਡੋ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਦਸਤਾਵੇਜ਼ਾਂ ਮੁਤਾਬਕ, ਗੁਰਪ੍ਰੀਤ ਜੱਜ ਨੌਜਵਾਨ ਜਦੋਂ ਲੂਈਜ਼ਿਆਨਾ ਸੂਬੇ ਦੇ ਗਰੀਨਵੁੱਡ ਨੇੜੇ ਇੰਟਰਸਟੇਟ 20 ਤੋਂ ਲੰਘ ਰਿਹਾ ਸੀ ਤਾਂ ਅਮਨਵੀਰ ਨੇ ਉਸ ਨੂੰ ਘੇਰ ਲਿਆ ਅਤੇ ਉਸ ‘ਤੇ ਸੱਤ ਗੋਲੀਆਂ ਚਲਾਈਆਂ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ਦੇ ਅਧਾਰ ‘ਤੇ ਅਮਨਵੀਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
