ਬੀਜੇਪੀ ਦੀ ਨਵੀਂ ਬਣੀ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲਿਆ ਗਿਆ ਹੈ। ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਅਤੇ ਨੇਤਾ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਦੇ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਲਈ ਸ਼ਿਕਾਇਤ ਦਿੱਤੀ ਗਈ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਵੀਰਵਾਰ ਦੁਪਹਿਰ 3.30 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਕੰਗਨਾ ਦਿੱਲੀ ਲਈ ਰਵਾਨਾ ਹੋ ਗਈ। ਦਿੱਲੀ ਪਹੁੰਚ ਕੇ ਕੰਗਨਾ ਰਣੌਤ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਸ਼ਿਕਾਇਤ ਕੀਤੀ ਹੈ, ਜਿਸ ਵਿਚ ਕੰਗਨਾ ਨੇ ਕਿਹਾ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਏਅਰਪੋਰਟ ਦੇ ਕਰਟਨ ਏਰੀਆ ਵਿਚ ਉਸ ਨੂੰ ਥੱਪੜ ਮਾਰ ਦਿੱਤਾ।
ਇਸ ਬਾਰੇ ਪੰਜਾਬ ਪੁਲੀਸ ਦੇ ਡੀਐਸਪੀ (ਏਅਰਪੋਰਟ) ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ, ਇੱਕ ਮਹਿਲਾ CISF ਸਿਪਾਹੀ ਨੇ ਕੰਗਨਾ ਰਣੌਤ ਨਾਲ ਬਦਸਲੂਕੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਆਈ ਹੈ। ਫਿਲਹਾਲ ਸੀਆਈਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਇਸ ‘ਤੇ ਕਾਰਵਾਈ ਕਰਨਗੇ।
ਉਥੇ ਹੀ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਵਿਰੁੱਧ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ‘ਚ ਲੱਗਾ ਕੋਈ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਇਹ ਮੰਦਭਾਗਾ ਹੈ। ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ, ਉਹ ਗਲਤ ਹੈ। ਕਿਸਾਨਾਂ ਵੱਲੋਂ ਕੁਲਵਿੰਦਰ ਕੌਰ ਦਾ ਸਮਰਥਨ ਕਰਨ ਦੇ ਸਵਾਲ ‘ਤੇ ਸੀਐਮ ਸੈਣੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ।
ਕੰਗਨਾ ਰਣੌਤ ਨਾਲ ਬਹਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਕੰਗਨਾ ਸਕਿਓਰਿਟੀ ਚੈਕਿੰਗ ਦੇ ਕੋਲ ਹੈ। ਫਿਰ ਇੱਕ ਅਵਾਜ਼ ਸੁਣਾਈ ਦਿੰਦੀ ਹੈ ਕਿ ਉਡੀਕ ਕਰੋ ਮੈਡਮ। ਕਾਂਸਟੇਬਲ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਜਦੋਂ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਤਾਂ ਮੇਰੀ ਮਾਂ ਉੱਥੇ ਹੀ ਅੰਦੋਲਨ ਵਿੱਚ ਬੈਠੀ ਸੀ।