ਅਮਰੀਕਾ : ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਵਾਲਾ ਮਿਨੇਸੋਟਾ ਅਮਰੀਕਾ ਦਾ 19ਵਾਂ ਸੂਬਾ ਬਣ ਗਿਆ ਹੈ। ਸਥਾਨਕ ਪੱਧਰ ‘ਤੇ ਸਮਾਵੇਸ਼ੀ ਮਾਪਦੰਡਾਂ ਨੂੰ ਅਪਣਾਉਣਾ ਅਤੇ ਲਾਗੂ ਕਰਨਾ 2026-2027 ਦੇ ਸਕੂਲੀ ਸਾਲ ਤੋਂ ਸ਼ੁਰੂ ਹੋ ਜਾਵੇਗਾ, ਜਿਸ ਨਾਲ ਮਿਨੇਸੋਟਾ ਦੇ ਪਬਲਿਕ ਸਕੂਲਾਂ ਦੇ ਲਗਭਗ 8 ਲੱਖ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਸਿੱਖ ਕੋਅਲੀਜ਼ਨ ਨੇ ਕਿਹਾ, ‘‘19 ਸੂਬਿਆਂ ਦੇ ਲਗਭਗ 26 ਮਿਲੀਅਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਜਾਣਨ ਦਾ ਮੌਕਾ ਮਿਲੇਗਾ। ਲਗਭਗ 9,000 ਅਧਿਆਪਕਾਂ ਦੀ ਕਾਲਜ, ਕੇਅਰ ਅਤੇ ਨਾਗਰਿਕ ਜੀਵਨ ਤਕ ਪਹੁੰਚ ਹੋਵੇਗੀ, ਜਿਸ ਦੀ ਵਰਤੋਂ ਅਧਿਆਪਕ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਸਿਖਾਉਣ ਲਈ ਕਰ ਸਕਦੇ ਹਨ।’’
ਇਹ ਸਮੂਹ ਪਿਛਲੇ ਚਾਰ ਸਾਲਾਂ ਤੋਂ ਮਿਨੇਸੋਟਾ ਦੇ ਸਿੱਖਿਆ ਵਿਭਾਗ (ਐਮ.ਡੀ.ਈ.) ਨੂੰ ਇਸ ਬਾਰੇ ਮੰਗ ਕਰ ਰਿਹਾ ਸੀ, ਫਰਵਰੀ 2020 ਵਿਚ ਸਿੱਖ ਸੁਸਾਇਟੀ ਆਫ ਮਿਨੇਸੋਟਾ ਤੋਂ ਵਿਭਾਗ ਨੂੰ ਇਕ ਚਿੱਠੀ ਭੇਜੀ ਗਈ ਸੀ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ। ਸਿੱਖ ਸੁਸਾਇਟੀ ਆਫ ਮਿਨੇਸੋਟਾ ਗੁਰਦੁਆਰਾ, ਬਲੂਮਿੰਗਟਨ ਦੇ ਸਕੱਤਰ ਰਣਦੀਪ ਸਿੰਘ ਅਰੋੜਾ ਨੇ ਕਿਹਾ, ‘‘ਨਵੇਂ ਮਾਪਦੰਡ ਇਹ ਯਕੀਨੀ ਕਰਨਗੇ ਕਿ ਸਿੱਖ ਵਿਦਿਆਰਥੀ ਆਪਣੇ ਭਾਈਚਾਰੇ ਅਤੇ ਇਤਿਹਾਸ ਨੂੰ ਅਪਣੀਆਂ ਜਮਾਤਾਂ ਵਿਚ ਪੜ੍ਹਾਉਂਦਾ ਵੇਖਣ ਕਿਉਂਕਿ ਮਿਨੇਸੋਟਾ ਦੇ ਵਿਦਿਆਰਥੀਆਂ ਨੂੰ ਜਮਾਤਾਂ ਅਤੇ ਅਸਲ ਸੰਸਾਰ ਦੋਵਾਂ ’ਚ ਗੱਲਬਾਤ ਲਈ ਤਿਆਰ ਕਰਨ ਲਈ ਮਾਪਦੰਡਾਂ ’ਚ ਸ਼ਾਮਲ ਕਰਨਾ ਜ਼ਰੂਰੀ ਹੈ।’’
ਸਿੱਖ ਕੋਅਲੀਜ਼ਨ ਦੀ ਸਿੱਖਿਆ ਮੈਨੇਜਰ ਉਪਨੀਤ ਕੌਰ ਨੇ ਕਿਹਾ, ‘‘ਅਸੀਂ ਸਿੱਖਿਆ ਵਿਭਾਗ ਅਤੇ ਅੰਤਰ-ਧਰਮ ਸਹਿਯੋਗੀਆਂ ਨਾਲ ਮਿਨੇਸੋਟਾ ਸੰਗਤ ਦੀ ਲਗਭਗ ਚਾਰ ਸਾਲਾਂ ਦੀ ਚਲ ਹੀ ਮੰਗ ਤੋਂ ਬਾਅਦ ਸਿੱਖ ਧਰਮ ਨੂੰ ਪੜ੍ਹਾਈ ’ਚ ਸ਼ਾਮਲ ਕਰਨ ਕਰ ਕੇ ਖੁਸ਼ ਹਾਂ। ਕੱਟੜਵਾਦ ਦਾ ਮੁਕਾਬਲਾ ਕਰਨ ਅਤੇ ਧੱਕੇਸ਼ਾਹੀ ਨੂੰ ਘਟਾਉਣ ਲਈ ਸਮਾਵੇਸ਼ੀ ਅਤੇ ਸਹੀ ਮਾਪਦੰਡ ਮਹੱਤਵਪੂਰਨ ਕਦਮ ਹਨ। ਇਸ ਕਦਮ ਨਾਲ ਸੱਭਿਆਚਾਰਕ ਯੋਗਤਾ ਵਧਾਉਣ ਅਤੇ ਅਗਿਆਨਤਾ ਘਟਣ ਨਾਲ ਸਾਰੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।’’