ਸੀਬੀਸੀ ਵੱਲੋਂ ਇੱਕ ਨਵੀਂ ਟੀਵੀ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੀ ਕਹਾਣੀ ਇੱਕ ਸਿੱਖ ਕੈਨੇਡੀਅਨ ਪੁਲਿਸ ਅਫ਼ਸਰ ਅਤੇ ਉਸ ਦੇ ਪਰਿਵਾਰ ਉੱਤੇ ਕੇਂਦਰਤ ਹੈ।ਅਲੀਜੈਂਸ ਨਾਮ ਦੀ ਇਹ ਕਰਾਈਮ ਡਰਾਮਾ ਸੀਰੀਜ਼, ਉੱਤਰੀ ਅਮਰੀਕਾ ਵਿਚ ਪਹਿਲੀ ਕਰਾਈਮ ਡਰਾਮਾ ਸੀਰੀਜ਼ ਹੈ ਜਿਸ ਵਿਚ ਇੱਕ ਸਿੱਖ ਮਹਿਲਾ ਪੁਲਿਸ ਅਫਸਰ ਮੁੱਖ ਕਿਰਦਾਰ ਦੀ ਭੂਮਿਕਾ ਵਿਚ ਹੈ।ਇਹ ਕਹਾਣੀ ਬੀਸੀ ਦੇ ਸਰੀ ਦੀ ਜਮਪਲ ਸਬਰੀਨਾ ਸੋਹਲ ਦੇ ਇਰਦ-ਗਿਰਦ ਘੁੰਮਦੀ ਹੈ। ਕ੍ਰਿਮਿਨੌਲੌਜੀ ਵਿਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਸਬਰੀਨਾ ਪੁਲਿਸ ਵਿਚ ਨਵੀਂ ਭਰਤੀ ਹੋਈ ਹੈ। ਉਸਦੇ ਪਰਿਵਾਰ ਵਿਚ ਕਈ ਪੀੜ੍ਹੀਆਂ ਪੁਲਿਸ ਅਤੇ ਫ਼ੌਜ ਵਿਚ ਸੇਵਾਵਾਂ ਨਿਭਾ ਚੁੱਕੀਆਂ ਹਨ, ਅਤੇ ਆਪਣੇ ਪਰਿਵਾਰ ਦੀ ਇਸ ਵਿਰਾਸਤ ਨੂੰ ਕਾਇਮ ਰੱਖਦਿਆਂ ਉਹ ਪੁਲਿਸ ਕਾਂਸਟੇਬਲ ਭਰਤੀ ਹੁੰਦੀ ਹੈ। ਪਰ ਉਸਦੀ ਭਰਤੀ ਦੇ ਐਨ ਖ਼ਾਸ ਦਿਨ ਉਸਦੇ ਪਿਤਾ ਅਜੀਤ ਸੋਹਲ, ਜੋਕਿ ਇਕ ਪਬਲਿਕ ਸੇਫ਼ਟੀ ਮੰਤਰੀ ਹਨ, ਅਤੇ ਪੁਲਿਸ ਮਹਿਕਮੇ ਦੇ ਮੁੱਖੀ ਹਨ, ਨੂੰ ਦੇਸ਼ ਧਰੋਹ ਦੇ ਝੂਠੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।