ਟੋਰਾਂਟੋ (ਬਲਜਿੰਦਰ ਸੇਖਾ): ਕੈਨੇਡਾ ਵਿੱਚੋਂ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਇਸ ਕਾਰਵਾਈ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਸਾਹਮਣੇ ਆਈ ਹੈ।
ਜਨਵਰੀ ਤੋਂ 31 ਜੁਲਾਈ 2026 ਤੱਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਮੁਤਾਬਕ 3,717 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਜ਼ਬਰਦਸਤੀ ਵਾਪਸ ਭੇਜਿਆ ਗਿਆ। ਇਹ ਗਿਣਤੀ ਸਾਲ 2025 ਦੌਰਾਨ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਕੁੱਲ ਗਿਣਤੀ ਦੇ ਲਗਭਗ ਬਰਾਬਰ ਦੱਸੀ ਜਾ ਰਹੀ ਹੈ।
ਇਸ ਮਿਆਦ ਦੌਰਾਨ ਕੈਨੇਡਾ ਵਿੱਚੋਂ ਕੁੱਲ 12,491 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ ਗਿਆ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਦੀ ਹਿੱਸੇਦਾਰੀ ਲਗਭਗ 29.8 ਫ਼ੀਸਦੀ ਬਣਦੀ ਹੈ। ਦੂਜੇ ਨੰਬਰ ’ਤੇ ਮੈਕਸੀਕੋ ਦੇ 1,936 ਨਾਗਰਿਕ ਰਹੇ।
CBSA ਦੀ ਰਿਪੋਰਟ ਮੁਤਾਬਕ 31 ਜੁਲਾਈ ਤੱਕ 8,817 ਭਾਰਤੀ ਨਾਗਰਿਕਾਂ ਦੇ ਕੇਸ ਵੀ ਦੇਸ਼ ਨਿਕਾਲੇ ਦੀ ਕਾਰਵਾਈ ਅਧੀਨ ਸਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਮਾਮਲੇ ਹਾਲੇ ਕਾਰਵਾਈ ਦੀ ਪ੍ਰਕਿਰਿਆ ਵਿੱਚ ਹਨ, ਪਰ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਡਿਪੋਰਟ ਕੀਤਾ ਹੀ ਜਾਵੇਗਾ।
ਇਸ ਤੋਂ ਇਲਾਵਾ, 14 ਸਤੰਬਰ 2026 ਨੂੰ CBSA ਨੇ ਜਾਣਕਾਰੀ ਦਿੱਤੀ ਸੀ ਕਿ ਜਬਰਨ ਵਸੂਲੀ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 111 ਲੋਕਾਂ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਅੰਕੜਿਆਂ ਵਿੱਚ ਡਿਪੋਰਟੇਸ਼ਨ ਆਰਡਰ, ਐਕਸਕਲੂਜ਼ਨ ਆਰਡਰ ਅਤੇ ਡਿਪਾਰਚਰ ਆਰਡਰ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਵੀ ਸ਼ਾਮਲ ਹਨ।
