ਟੋਰਾਂਟੋ: ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਸਟੇਜ ’ਤੇ ਨਜ਼ਰ ਆਏ। ਆਧੁਨਿਕ ਹੋਲੋਗ੍ਰਾਮ ਤਕਨਾਲੋਜੀ ਦੀ ਮਦਦ ਨਾਲ ਉਨ੍ਹਾਂ ਦੀ ਸਟੇਜ ਮੌਜੂਦਗੀ ਨੂੰ ਮੁੜ ਸੁਰਜੀਤ ਕੀਤਾ ਗਿਆ। ਸ਼ੁੱਕਰਵਾਰ ਰਾਤ ਕੈਨੇਡਾ ਦੇ ਟੋਰਾਂਟੋ ਵਿੱਚ ਉਨ੍ਹਾਂ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੀ ਸ਼ੁਰੂਆਤ ਹੋਈ। ਇਸ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ। ਇਸੇ ਦੌਰਾਨ ਉਨ੍ਹਾਂ ਦੇ ਮਸ਼ਹੂਰ ਗੀਤ ‘295’ ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਹੋਲੋਗ੍ਰਾਮ ਸ਼ੋਅ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ
ਸਿੱਧੂ ਮੂਸੇਵਾਲਾ ਦੀ ਟੀਮ ਇਸ ਟੂਰ ਨੂੰ ਕਿਸੇ ਭਾਰਤੀ ਕਲਾਕਾਰ ਦਾ ਪਹਿਲਾ ਹੋਲੋਗ੍ਰਾਮ-ਆਧਾਰਿਤ ਵਿਸ਼ਵ ਦੌਰਾ ਦੱਸ ਰਹੀ ਹੈ। ਸ਼ੋਅ ਵਿੱਚ ਉਨ੍ਹਾਂ ਦੀ ਅਸਲ ਆਵਾਜ਼, ਸਿਨੇਮੈਟਿਕ ਵਿਜ਼ੂਅਲਸ ਅਤੇ ਵਿਸ਼ੇਸ਼ ਸਟੇਜ ਪ੍ਰਭਾਵਾਂ ਦੀ ਵਰਤੋਂ ਕੀਤੀ ਗਈ। ਇਸ ਤਕਨਾਲੋਜੀ ਰਾਹੀਂ ਮੂਸੇਵਾਲਾ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ, ਜਿਵੇਂ ਉਹ ਖ਼ੁਦ ਸਟੇਜ ’ਤੇ ਲਾਈਵ ਗਾ ਰਹੇ ਹੋਣ।
ਸ਼ੋਅ ਦੌਰਾਨ ਮੂਸੇਵਾਲਾ ਨਾਲ ਕੰਮ ਕਰ ਚੁੱਕੇ ਕੁਝ ਹੋਰ ਗਾਇਕਾਂ ਨੇ ਵੀ ਪੇਸ਼ਕਾਰੀਆਂ ਦਿੱਤੀਆਂ। ਸੋਸ਼ਲ ਮੀਡੀਆ ’ਤੇ ਕਈ ਪ੍ਰਸ਼ੰਸਕਾਂ ਨੇ ਹੋਲੋਗ੍ਰਾਮ ਦੀ ਹਕੀਕਤ ਵਰਗੀ ਦਿੱਖ ਦੀ ਤਾਰੀਫ਼ ਕੀਤੀ। ਇਸ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਆਪਣੇ ਚਹੇਤੇ ਗਾਇਕ ਦੀ ਯਾਦ ਦਿਵਾ ਦਿੱਤੀ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਗੀਤਾਂ ਪ੍ਰਤੀ ਪ੍ਰਸ਼ੰਸਕਾਂ ਦਾ ਪਿਆਰ ਲਗਾਤਾਰ ਕਾਇਮ ਹੈ।
‘295’ ਦੀ ਵੀਡੀਓ ਨੂੰ ਵੀ ਮਿਲਿਆ ਭਰਵਾਂ ਹੁੰਗਾਰਾ
ਮੂਸੇਵਾਲਾ ਦੇ ਪ੍ਰਸਿੱਧ ਗੀਤ ‘295’ ਦੀ ਨਵੀਂ ਵੀਡੀਓ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਮਾਤਾ, ਪਿਤਾ ਅਤੇ ਛੋਟੇ ਭਰਾ ਨੂੰ ਵੀ ਦਿਖਾਇਆ ਗਿਆ ਹੈ। ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਪਹਿਲੇ 30 ਮਿੰਟਾਂ ਵਿੱਚ ਹੀ ਇਸ ਨੂੰ ਯੂਟਿਊਬ ’ਤੇ 2.8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਸਾਲ 2021 ਵਿੱਚ ਰਿਲੀਜ਼ ਹੋਇਆ ‘295’ ਸਿੱਧੂ ਮੂਸੇਵਾਲਾ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚੋਂ ਇੱਕ ਹੈ। ਇਸ ਗੀਤ ਨੂੰ ਯੂਟਿਊਬ ’ਤੇ 1.28 ਕਰੋੜ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੀ ਨਵੀਂ ਵੀਡੀਓ ਨੂੰ ਉਨ੍ਹਾਂ ਦੇ ਮਰਨ ਉਪਰੰਤ ਸੰਗੀਤਕ ਸਫ਼ਰ ਦਾ ਇੱਕ ਹੋਰ ਭਾਵੁਕ ਪੜਾਅ ਮੰਨਿਆ ਜਾ ਰਿਹਾ ਹੈ।
ਪਹਿਲੇ ਪੜਾਅ ਵਿੱਚ ਹੋਣਗੇ 10 ਸ਼ੋਅ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਦੱਸਿਆ ਸੀ ਕਿ ਟੂਰ ਦੇ ਪਹਿਲੇ ਪੜਾਅ ਵਿੱਚ 10 ਸ਼ੋਅ ਹੋਣਗੇ। ਉਹ ਆਪਣੀ ਪਤਨੀ ਅਤੇ ਛੋਟੇ ਪੁੱਤਰ, ਜਿਸ ਨੂੰ ਪਿਆਰ ਨਾਲ ‘ਨਿੱਕਾ ਸਿੱਧੂ’ ਕਿਹਾ ਜਾਂਦਾ ਹੈ, ਨਾਲ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਰਹੇ ਹਨ।
ਇਸ ਵਿਸ਼ਵ ਦੌਰੇ ਦੌਰਾਨ ਕੈਨੇਡਾ, ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸ਼ੋਅ ਹੋਣ ਦੀ ਉਮੀਦ ਹੈ।
ਮੂਸੇਵਾਲਾ ਦੇ ਪਰਿਵਾਰ ਅਤੇ ਟੀਮ ਵੱਲੋਂ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਗੀਤ ਵੀ ਲਗਾਤਾਰ ਰਿਲੀਜ਼ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਉਨ੍ਹਾਂ ਦਾ ਮਰਨ ਉਪਰੰਤ 13ਵਾਂ ਗੀਤ ‘ਗੋਸਟਫੇਸ ਕਿੱਲਾ’ ਵੀ ਜਾਰੀ ਕੀਤਾ ਗਿਆ ਸੀ।
