ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਲਈ 3 ਨਵੰਬਰ ਨੂੰ ਜਨਰਲ ਇਜਲਾਸ ਸੱਦਿਆ ਹੈ। ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਇਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।
SGPC ਜਨਰਲ ਹਾਊਸ ਵਿੱਚ ਕੁੱਲ 185 ਮੈਂਬਰ ਹੁੰਦੇ ਹਨ – 170 ਚੁਣੇ ਹੋਏ ਅਤੇ 15 ਨਾਮਜ਼ਦ। ਫਿਲਹਾਲ 148 ਮੈਂਬਰ ਸਰਗਰਮ ਹਨ। ਪਿਛਲੇ ਸਮੇਂ ਵਿੱਚ 33 ਮੈਂਬਰਾਂ ਦਾ ਅਕਾਲ ਚਲਾਣਾ ਹੋ ਗਿਆ ਅਤੇ 4 ਨੇ ਅਸਤੀਫਾ ਦੇ ਦਿੱਤਾ।
ਚੋਣ ਪ੍ਰਕਿਰਿਆ: ਇੱਕ ਮੈਂਬਰ ਪ੍ਰਧਾਨ ਲਈ ਨਾਮ ਪੇਸ਼ ਕਰੇਗਾ, ਦੂਜਾ ਤਾਈਦ ਕਰੇਗਾ। ਜੇਕਰ ਸਰਬਸੰਮਤੀ ਨਹੀਂ ਹੋਈ ਤਾਂ ਵੋਟਿੰਗ ਹੋਵੇਗੀ। ਵੋਟਿੰਗ ਦੇ ਮੱਦੇਨਜ਼ਰ ਪੋਲਿੰਗ ਬੂਥ ਅਤੇ ਸੁਰੱਖਿਆ ਵਿਵਸਥਾ ਪੂਰੀ ਕੀਤੀ ਗਈ ਹੈ। SGPC ਸਕੱਤਰ ਪ੍ਰਤਾਪ ਸਿੰਘ ਨੇ ਸਰਬਸੰਮਤੀ ਦੀ ਉਮੀਦ ਜਤਾਈ ਹੈ।
