ਨਵੀ ਦਿੱਲੀ : ਪੱਛਮੀ ਏਸ਼ੀਆ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਛੇ ਐਲਪੀਜੀ ਲੱਦੇ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਕੇ ਭਾਰਤੀ ਬੰਦਰਗਾਹਾਂ ਤੱਕ ਪਹੁੰਚ ਚੁੱਕੇ ਹਨ। ਹੁਣ, ਇੱਕ ਸੱਤਵਾਂ ਜਹਾਜ਼ ਵੀ ਹੋਰਮੁਜ਼ ਜਲਡਮਰੂ ਪਾਰ ਕਰਕੇ ਭਾਰਤ ਵੱਲ ਵਧ ਰਿਹਾ ਹੈ। ਇਸ ਦੇ ਆਉਣ ਨਾਲ ਚੱਲ ਰਹੀ ਐਲਪੀਜੀ ਦੀ ਘਾਟ ਤੋਂ ਕਾਫ਼ੀ ਰਾਹਤ ਮਿਲੇਗੀ।
ਦੱਸ ਦਈਏ ਕਿ ਇਸ ਜਹਾਜ਼ ਦਾ ਨਾਂ ਗ੍ਰੀਨ ਸਾਨਵੀ ਹੈ ਅਤੇ ਇਸ ‘ਤੇ 44,000 ਮੀਟ੍ਰਿਕ ਟਨ ਤੋਂ ਵੱਧ ਐਲ.ਪੀ.ਜੀ. ਲੱਦੀ ਹੋਈ ਹੈ। ਜਹਾਜ਼ ਨੇ ਸ਼ੁੱਕਰਵਾਰ ਨੂੰ ਹੋਰਮੁਜ਼ ਸਟ੍ਰੇਟ ਪਾਰ ਕਰ ਲਿਆ ਹੈ ਅਤੇ ਇਸ ਦੇ 6 ਅਪ੍ਰੈਲ ਤੱਕ ਮੁੰਬਈ ਪਹੁੰਚਣ ਦੀ ਸੰਭਾਵਨਾ ਹੈ। ਜੰਗ ਦੇ ਦੌਰਾਨ ਮਾਰਚ ਮਹੀਨੇ ਵਿੱਚ ਹੁਣ ਤੱਕ ਹੋਰਮੁਜ਼ ਪਾਰ ਕਰਨ ਵਾਲਾ ਇਹ ਸੱਤਵਾਂ ਭਾਰਤੀ ਜਹਾਜ਼ ਹੈ। ਦੱਸ ਦੇਈਏ ਕਿ ਅਜੇ ਵੀ ਭਾਰਤ ਦੇ ਕਈ ਤੇਲ-ਗੈਸ ਟੈਂਕਰ ਵਾਲੇ ਜਹਾਜ਼ ਹੋਰਮੁਜ਼ ਵਿੱਚ ਫਸੇ ਹੋਏ ਹਨ ਅਤੇ ਇਰਾਨ ਦੇ ਕਲੀਅਰੈਂਸ ਦੀ ਉਡੀਕ ਕਰ ਰਹੇ ਹਨ।
ਟ੍ਰੈਕਿੰਗ ਡੇਟਾ ਦੇ ਮੁਤਾਬਕ, ਗ੍ਰੀਨ ਸਾਨਵੀ ਨੇ ਈਰਾਨ ਦੇ ਸਮੁੰਦਰੀ ਇਲਾਕੇ ਰਾਹੀਂ ਇੱਕ ਕੋਰੀਡੋਰ ਦੀ ਵਰਤੋਂ ਕੀਤੀ ਅਤੇ ਫਿਰ ਉਹ ਹੋਰਮੁਜ਼ ਸਟ੍ਰੇਟ ਦੇ ਪੂਰਬ ਵਿੱਚ ਪਹੁੰਚ ਗਿਆ ਹੈ ਅਤੇ ਹੁਣ ਉਹ ਮੁੰਬਈ ਵੱਲ ਵਧ ਰਿਹਾ ਹੈ। ਇਸ ਵਿਚਾਲੇ ਇਹ ਵੀ ਖਬਰ ਹੈ ਕਿ ਭਾਰਤੀ ਝੰਡੇ ਵਾਲੇ ਦੋ ਹੋਰ ਐਲ.ਪੀ.ਜੀ. ਟੈਂਕਰ ਗ੍ਰੀਨ ਆਸ਼ਾ ਅਤੇ ਜਗ ਵਿਕਰਮ ਵੀ ਹੋਰਮੁਜ਼ ਪਾਰ ਕਰਕੇ ਭਾਰਤ ਆ ਸਕਦੇ ਹਨ। ਗ੍ਰੀਨ ਸਾਨਵੀ ਦੇ ਟ੍ਰਾਂਜ਼ਿਟ ਦੇ ਨਾਲ ਹੁਣ ਫ਼ਾਰਸ ਦੀ ਖਾੜੀ ਵਿੱਚ ਭਾਰਤੀ ਝੰਡੇ ਵਾਲੇ ਕੁੱਲ 17 ਜਹਾਜ਼ ਹਨ, ਜੋ ਹੋਰਮੁਜ਼ ਸਟ੍ਰੇਟ ਦੇ ਪੂਰਬ ਵਿੱਚ ਰੁਕੇ ਹੋਏ ਹਨ।
ਭਾਰਤ ਲਗਾਤਾਰ ਹੋਰਮੁਜ਼ ਸਟ੍ਰੇਟ ਤੋਂ ਭਾਰਤੀ ਜਹਾਜ਼ਾਂ ਨੂੰ ਸੁਰੱਖਿਅਤ ਲੰਘਾਉਣ ਲਈ ਈਰਾਨ ਨਾਲ ਕੂਟਨੀਤਕ ਪੱਧਰ ‘ਤੇ ਗੱਲਬਾਤ ਕਰ ਰਿਹਾ ਹੈ। ਈਰਾਨ ਨੇ ਹੋਰਮੁਜ਼ ਨੂੰ ਬੰਦ ਕਰ ਰੱਖਿਆ ਹੈ ਅਤੇ ਟੋਲ ਵਸੂਲ ਰਿਹਾ ਹੈ, ਪਰ ਭਾਰਤ ਨਾਲ ਦੋਸਤਾਨਾ ਸਬੰਧਾਂ ਕਾਰਨ ਈਰਾਨ ਨੇ ਭਾਰਤੀ ਜਹਾਜ਼ਾਂ ਨੂੰ ਛੋਟ ਦਿੱਤੀ ਹੈ।
