ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵਲ ਜਾਣ ਦਾ ਰੁਝਾਨ ਪੰਜਾਬੀਆਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਹਰ ਕੋਈ ਜਹਾਜ਼ ’ਤੇ ਚੜ੍ਹ ਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਿਹਾ ਹੈ ਪਰ ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਵੇਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਰ ਰੋਜ਼ ਹੀ ਪੰਜਾਬੀ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਵਿਦੇਸ਼ਾਂ ’ਚੋਂ ਆ ਰਹੀਆਂ ਹਨ। ਹੋਰ ਵੀ ਤ੍ਰਾਸਦੀ ਹੈ ਕਿ ਇਨ੍ਹਾਂ ’ਚੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਨਾਲ ਹੋ ਰਹੀਆਂ ਹਨ।

ਇਸ ਦੌਰਾਨ ਪਿਛਲੇ ਸਾਲ ਵਿਆਹ ਕਰਵਾ ਕੇ ਕੈਨੇਡਾ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉਤੇ ਅਚਨਚੇਤ ਮੌਤ ਹੋ ਗਈ। ਪਰਿਵਾਰ ਨੇ ਦਸਿਆ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਸੁਖਦੇਵ ਦਾ ਵਿਆਹ ਹੋਇਆ ਸੀ, ਹੁਣ ਉਹ ਕੈਨੇਡਾ ਵਿਚ ਅਪਣੀ ਪਤਨੀ ਨਾਲ ਰਹਿ ਰਿਹਾ ਸੀ।

ਇਸ ਤੋਂ ਇਲਾਵਾ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਨੀ ਸਰਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਗੰਧੜ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਪਰਗਟ ਸਿੰਘ ਸਰਾਂ ਗੰਧੜ ਦਾ ਪੁੱਤਰ ਸੀ।

ਦੱਸ ਦੇਈਏ ਕਿ ਵੱਧ ਰਹੀਆਂ ਮੌਤਾਂ ਕਰ ਕੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਤੇ ਦੁਖੀ ਹਨ ਕਿਉਂਕਿ ਬਹੁਤਿਆਂ ਨੇ ਇਕੱਲੇ-ਇਕੱਲੇ ਪੁੱਤ ਬੇਗ਼ਾਨੇ ਦੇਸ਼ਾਂ ਨੂੰ ਤੋਰੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਕਈ ਮਾਪਿਆਂ ਨੂੰ ਅਪਣੇ ਪੁੱਤਾਂ ਦੀਆਂ ਲਾਸ਼ਾਂ ਬੇਗਾਨੇ ਮੁਲਕਾਂ ਵਿਚੋਂ ਲਿਆਉਣੀਆਂ ਔਖੀਆਂ ਹੋ ਰਹੀਆਂ ਹਨ।