ਰਿਚਮੰਡ ਹਿਲ : ਕੈਨੇਡਾ ਦੇ ਰਿਚਮੰਡ ਹਿਲ ਸ਼ਹਿਰ ਵਿਚ ਹਥਿਆਰਬੰਦ ਡਾਕੇ ਦੀ ਪੜਤਾਲ ਕਰ ਰਹੀ ਯਾਰਕ ਰੀਜਨਲ ਪੁਲਿਸ ਵੱਲੋਂ 19 ਸਾਲ ਦੇ ਦਿਲਰਾਜ ਬੱਲ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਜਦਕਿ ਤੀਜੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਵੁੱਡਸਟੌਕ ਦੇ ਦਿਲਰਾਜ ਬੱਲ ਨਾਲ ਕਾਬੂ ਕੀਤੇ ਗਏ ਦੂਜੇ ਸ਼ੱਕੀ ਦੀ ਉਮਰ ਸਿਰਫ 16 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਉਸ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਉਨਟਾਰੀਓ ਦੇ ਰਿਚਮੰਡ ਹਿਲ ਵਿਖੇ ਵੀਰਵਾਰ ਵੱਡੇ ਤੜਕੇ ਵਾਪਰੀ ਵਾਰਦਾਤ ਦੌਰਾਨ ਤਿੰਨ ਸ਼ੱਕੀ ਘਰ ਦਾ ਪਿਛਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ’ਤੇ ਘਰ ਦੇ ਮੈਂਬਰਾਂ ਨੂੰ ਡਰਾ ਲਿਆ।

ਵੁੱਡਸਟੌਕ ਦੇ ਦਿਲਰਾਜ ਬੱਲ ਵਜੋਂ ਕੀਤੀ ਗਈ ਸ਼ਨਾਖਤ
ਤਿੰਨ ਜਣੇ ਪਰਵਾਰ ਦੀ ਲੈਂਬਰਗਿਨੀ ਲੈ ਕੇ ਫਰਾਰ ਹੋ ਗਏ ਅਤੇ ਕਿਸੇ ਨੂੰ ਕੋਈ ਸੱਟ-ਫੇਟ ਨਹੀਂ ਵੱਜੀ। ਵਾਰਦਾਤ ਤੋਂ ਕੁਝ ਘੰਟੇ ਬਾਅਦ ਪੁਲਿਸ ਨੇ ਗਰੋਵਰ ਹਿਲ ਐਵੇਨਿਊ ਅਤੇ ਫਰੈਂਕ ਐਂਡੀਨ ਇਲਾਕੇ ਵਿਚ ਲੈਂਬਰਗਿਨੀ ਬਰਾਮਦ ਕਰ ਲਈ ਜਿਸ ਦੇ ਬਿਲਕੁਲ ਨਾਲ ਸ਼ੱਕੀਆਂ ਦੀ ਚਿੱਟੇ ਰੰਗ ਦੀ ਰੇਂਜ ਰੋਵਰ ਵੀ ਖੜ੍ਹੀ ਸੀ। ਦੋ ਸ਼ੱਕੀਆਂ ਨੂੰ ਮੌਕੇ ਤੋਂ ਹੀ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਇਕ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਪਤਾ ਲੱਗਾ ਕਿ ਚਿੱਟੇ ਰੰਗ ਦੀ ਰੇਂਜ ਰੋਵਰ ਮੰਗਲਵਾਰ ਨੂੰ ਟੋਰਾਂਟੋ ਤੋਂ ਚੋਰੀ ਕੀਤੀ ਗਈ। ਵੁੱਡਸਟੌਕ ਦੇ ਦਿਲਰਾਜ ਬੱਲ ਅਤੇ ਬਰੈਂਪਟਨ ਦੇ 16 ਸਾਲਾ ਅੱਲ੍ਹੜ ਵਿਰੁੱਧ ਪਾਬੰਦੀਸ਼ੁਦਾ ਹਥਿਆਰ ਦੀ ਵਰਤੋਂ ਕਰਦਿਆਂ ਡਾਕਾ ਮਾਰਨ, ਭੇਖ ਬਦਲਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਦਿਲਰਾਜ ਬੱਲ ਗ੍ਰਿਫ਼ਤਾਰੀ ਵੇਲੇ ਪ੍ਰੋਬੇਸ਼ਨ ’ਤੇ ਚੱਲ ਰਿਹਾ ਸੀ ਅਤੇ 16 ਸਾਲ ਦਾ ਅੱਲ੍ਹੜ ਅਤੀਤ ਵਿਚ ਲੱਗੇ ਲੁੱਟ ਖੋਹ ਦੇ ਦੋਸ਼ਾਂ ਮਗਰੋਂ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਦੂਜੇ ਪਾਸੇ ਫਰਾਰ ਸ਼ੱਕੀ ਦੀ ਉਮਰ ਤਕਰੀਬਨ 20 ਸਾਲ ਦੱਸੀ ਜਾ ਰਹੀ ਹੈ ਅਤੇ ਕੱਦ ਪੰਜ ਫੁੱਟ ਅੱਠ ਇੰਚ ਦੱਸਿਆ ਗਿਆ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਹੂਡੀ ਵਾਲਾ ਕਾਲਾ ਸਵੈਟਰ, ਗਰੇਅ ਐਥਲੈਟਿਕ ਪੈਂਟ ਅਤੇ ਕਾਲੇ ਸ਼ੂਜ਼ ਪਾਏ ਹੋਏ ਸਨ।