ਮੁਹਾਲੀ : ਪੰਜਾਬ ਦੇ ਇੱਕ ਆਈਪੀਐਸ ਜੋੜੇ ਦੀ ਧੀ ਦੀ ਅੱਜ ਸਵੇਰੇ ਮੌਤ ਹੋ ਗਈ। ਮੌਤ ਦਾ ਕਾਰਨ ਗਲੇ ਵਿੱਚ ਖਾਣਾ ਫਸ ਜਾਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ 4 ਸਾਲਾ ਨਾਇਰਾ ਵਜੋਂ ਹੋਈ ਹੈ। ਨਾਇਰਾ ਦੀ ਮਾਂ ਰਵਜੋਤ ਗਰੇਵਾਲ ਆਈਪੀਐਸ ਅਧਿਕਾਰੀ ਹੈ, ਜੋ ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਵਜੋਂ ਕੰਮ ਕਰ ਰਹੀ ਹੈ। ਉਸ ਦੇ ਪਿਤਾ ਨਵਨੀਤ ਬੈਂਸ ਜਗਰਾਉਂ ਵਿੱਚ ਐਸਐਸਪੀ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਲੇ ਵਿਚ ਖਾਣਾ ਫਸ ਜਾਣ ਕਾਰਨ ਉਹ ਸਾਹ ਨਹੀਂ ਲੈ ਪਾ ਰਹੀ ਸੀ। ਇਸ ਤੋਂ ਬਾਅਦ ਨਾਇਰਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਅੰਤਿਮ ਸਸਕਾਰ ਅੱਜ ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੀ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਅੰਤਿਮ ਸੰਸਕਾਰ ’ਤੇ ਪਹੁੰਚਣ ਦੀ ਖਬਰ ਹੈ।