ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨਾਂ ਦੀ ਇੰਗਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲੋਹੀਆਂ ਖਾਸ ਦੇ ਪਿੰਡ ਗਿੱਦੜਪਿੰਡੀ ਦੇ ਰਹਿਣ ਵਾਲੇ ਗੁਰਵੰਸ਼ਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਮਹਿਜ਼ 19 ਸਾਲ ਸੀ, ਜੋ ਕਿ ਪੜ੍ਹਾਈ ਦੇ ਲਈ ਇੰਗਲੈਂਡ ਗਿਆ ਸੀ। ਬੀਤੇ ਦਿਨ ਪਰਿਵਾਰ ਨੂੰ ਪੁੱਤ ਦੀ ਮੌਤ ਦੇ ਬਾਰੇ ਪਤਾ ਲੱਗਿਆ, ਜਿਸਦੇ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪਿੰਡ ਗਿੱਦੜਪਿੰਡੀ ਦਾ ਰਹਿਣ ਵਾਲਾ ਗੁਰਵੰਸ਼ਦੀਪ ਸਿੰਘ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਚੰਗੇ ਭਵਿੱਖ ਲਈ ਇੰਗਲੈਂਡ ਗਿਆ ਸੀ। ਪਰ ਉੱਥੇ ਬੀਤੇ ਦਿਨ ਉਸਦੀ ਮੌਤ ਹੋ ਗਈ। ਜਿਸਦੇ ਬਾਅਦ ਪਰਿਵਾਰ ਨੂੰ ਗੁਰਵੰਸ਼ਦੀਪ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਵੰਸ਼ਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ।

ਮ੍ਰਿਤਕ ਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਦੋ-ਤਿੰਨ ਹਫ਼ਤੇ ਹੀ ਠੀਕ ਸੀ, ਜਿਸ ਤੋਂ ਬਾਅਦ ਉਸਦੀ ਤਬੀਅਤ ਵਿਗੜ ਗਈ। 22 ਅਗਸਤ ਨੂੰ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਦੇ ਦਿਮਾਗ ਵਿੱਚ ਖੂਨ ਦੇ ਧੱਬੇ ਜੰਮ ਗਏ ਸਨ। ਜਿਸਦੇ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਪਰਿਵਾਰ ਨੂੰ ਦੱਸਿਆ ਗਿਆ ਕਿ ਗੁਰਵੰਸ਼ਦੀਪ ਨੂੰ ਬ੍ਰੇਨ ਹੈਮਰੇਜ ਸੀ, ਜਿਸਦਿਆਂ ਚੱਲਦਿਆਂ ਉਸਦੀ ਮੌਤ ਹੋ ਗਈ। ਪਰਿਵਾਰ ਨੇ ਭਾਰਤ ਸਰਕਾਰ ਤੇ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਪੁੱਤ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।