ਟੋਰਾਂਟੋ : ਕੈਨੇਡਾ ਵਿਚ ਵਾਪਰੇ ਹੌਲਨਾਕ ਸੜਕ ਹਾਦਸੇ ਦੌਰਾਨ ਤਿੰਨ ਪੰਜਾਬਣਾਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ ਲਖਵਿੰਦਰ ਕੌਰ ਵਜੋਂ ਕੀਤੀ ਗਈ ਹੈ ਜੋ 10 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸੀ। ਦੂਜੇ ਪਾਸੇ ਸਸਕੈਚਵਨ ਸੂਬੇ ਵਿਚ ਇਕ ਭਾਰਤੀ ਨੌਜਵਾਨ ਦੀ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਗੁਜਰਾਤ ਦੇ ਸੂਰਤ ਸ਼ਹਿਰ ਨਾਲ ਸਬੰਧਤ 23 ਸਾਲ ਦਾ ਯੂਰੇਨ ਪਟੇਲ ਆਪਣੇ ਦੋਸਤਾਂ ਨਾਲ ਵੀਕਐਂਡ ਮਨਾਉਣ ਪ੍ਰਿੰਸ ਐਲਬਰਟ ਨੈਸ਼ਨਲ ਪਾਰਕ ਵਿਚ ਗਿਆ ਜਿਥੇ ਵਾਸਕੇਸ਼ੀਊ ਝੀਲ ਵਿਚ ਤੈਰਾਕੀ ਕਰਦਿਆਂ ਹਾਦਸਾ ਵਾਪਰਿਆ।

ਕਾਰ ਬੇਕਾਬੂ ਹੋ ਕੇ 8 ਫੁੱਟ ਡੂੰਘੇ ਟੋਏ ਵਿਚ ਡਿੱਗੀ
ਬਟਾਲਾ ਨੇੜਲੇ ਪਿੰਡ ਸੁੱਖਾ ਚਿੜਾ ਨਾਲ ਸਬੰਧਤ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਵੀਕਐਂਡ ’ਤੇ ਆਪਣੇ ਦੋਸਤਾਂ ਨਾਲ ਕਾਰ ਵਿਚ ਜਾ ਰਹੀ ਸੀ ਜਦੋਂ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਦਰੱਖਤਾਂ ਨਾਲ ਟਕਰਾਉਣ ਮਗਰੋਂ 8 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ। ਹਾਦਸੇ ਦੌਰਾਨ ਲਖਵਿੰਦਰ ਕੌਰ ਨਾਲ ਮੌਜੂਦ ਕੁੜੀਆਂ ਵੀ ਦਮ ਤੋੜ ਗਈਆਂ ਜਿਨ੍ਹਾਂ ਦੀ ਸ਼ਨਾਖਤ ਫਿਲਹਾਲ ਸੰਭਵ ਨਹੀਂ ਹੋ ਸਕੀ ਜਦਕਿ ਦੋ ਮੁੰਡਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਰਿਪੋਰਟ ਹੈ।

ਇਕ ਦੀ ਸ਼ਨਾਖਤ ਲਖਵਿੰਦਰ ਕੌਰ ਵਜੋਂ ਹੋਈ

ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਨੇ ਬੇਹੱਦ ਚਾਵਾਂ ਨਾਲ ਆਪਣੀ ਬੇਟੀ ਨੂੰ ਕੈਨੇਡਾ ਰਵਾਨਾ ਕੀਤਾ ਪਰ ਅਚਾਨਕ ਵਾਪਰੇ ਭਾਣੇ ਨੇ ਪਰਵਾਰ ਨੂੰ ਕੱਖੋਂ ਹੌਲਾ ਕਰ ਦਿਤਾ ਹੈ। ਇਥੇ ਦਸਣਾ ਬਣਦਾ ਹੈ ਕਿ 11 ਜੁਲਾਈ ਨੂੰ ਸਰੀ ਨੇੜੇ ਵਾਪਰੇ ਹਾਦਸੇ ਦੌਰਾਨ 19 ਸਾਲ ਦੀ ਸਾਨੀਆ ਦਮ ਤੋੜ ਗਈ ਜੋ ਸਿਰਫ ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਕੈਨੇਡਾ ਪੁੱਜੀ ਸੀ। ਯੂਰੇਨ ਦੇ ਦੋਸਤਾਂ ਮੁਤਾਬਕ ਉਹ ਇਕ ਚੰਗਾ ਤੈਰਾਕ ਸੀ ਅਤੇ ਤੈਰਦਾ-ਤੈਰਦਾ ਡੂੰਘੇ ਪਾਣੀ ਵੱਲ ਚਲਾ ਗਿਆ। ਇਸ ਦੌਰਾਨ ਪਾਣੀ ਦੀਆਂ ਛੱਲਾਂ ਤੇਜ਼ ਹੋ ਗਈਆਂ ਅਤੇ ਉਸ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਉਸ ਦੇ ਇਕ ਦੋਸਤ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ।
ਸਸਕੈਚਵਨ ਵਿਚ ਗੁਜਰਾਤੀ ਨੌਜਵਾਨ ਦੀ ਝੀਲ ਵਿਚ ਡੁੱਬਣ ਕਾਰਨ ਮੌਤ

ਦੂਜੇ ਪਾਸੇ ਐਮਰਜੰਸੀ ਕਾਮਿਆਂ ਨੇ ਦੱਸਿਆ ਕਿ ਵਾਸਕੇਸ਼ੀਊ ਝੀਲ ਵਿਚ ਹਾਦਸਾ ਵਾਪਰਨ ਦੀ ਇਤਲਾਹ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜ ਗਏ ਅਤੇ ਨੌਜਵਾਨ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਯੂਰੇਨ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।