ਲੁਧਿਆਣਾ ਤੋਂ ਕੈਨੇਡਾ ਸ਼ਹਿਰ ਪੜ੍ਹਨ ਗਏ ਇਕ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਨੂੰ ਗੋਲੀ ਕਿਉਂ ਮਾਰੀ ਗਈ, ਇਸ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਵਿਦਿਆਰਥੀ ਲੁਧਿਆਣਾ ਦੇ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ।
ਮ੍ਰਿਤਕ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ ਹੈ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਸਵੇਰੇ 8.45 ਵਜੇ ਗੋਲੀ ਚੱਲੀ। ਯੁਵਰਾਜ ਗੋਇਲ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਤੇ ਨਾ ਹੀ ਉਸ ਦਾ ਕੋਈ ਅਪਰਾਧਿਕ ਰਿਰਾਡ ਹੈ। ਉਹ ਕੈਨੇਡਾ ਦੇ ਸਰੀ ਵਿਚ ਰਹਿੰਦਾ ਸੀ ਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ। ਯੁਵਰਾਜ ਅਜੇ ਕੁਆਰਾ ਸੀ ਤੇ ਬੀਤੇ ਸ਼ਾਮ ਹੀ ਉਸ ਦੇ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਯੁਵਰਾਜ ਜਿਸ ਘਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਉਥੇ ਹੀ ਕੁਝ ਹਥਿਆਰਬੰਦ ਨੌਜਵਾਨ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ।
ਕੈਨੇਡਾ ਪੁਲਿਸ ਨੇ 4 ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਵੀਰ ਬਸਰਾ, ਬਸਰਾ ਸਾਹਬ, ਹਰਕੀਰਤ, ਕੀਲੋਨ ਫ੍ਰੇਂਕੋਇਸ ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਯੁਵਰਾਜ ਕੈਨੇਡਾ ਵਿਚ ਪ੍ਰਾਈਵੇਟ ਨੌਕਰੀ ਕਰਦਾ ਸੀ। ਅਜੇ ਕੁਝ ਸਮਾਂ ਪਹਿਲਾਂ ਹੀ ਉਹ ਕੈਨੇਡਾ ਵਿਚ ਪੱਕਾ ਹੋਇਆ ਸੀ। ਫਿਲਹਾਲ ਯੁਵਰਾਜ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਅਜੇ ਗੱਲਬਾਤ ਕਰਨ ਦੀ ਹਾਲਤ ਵਿਚ ਨਹੀਂ ਹੈ। ਯੁਵਰਾਜ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਜਾਂ ਉਸ ਦੇ ਮਾਤਾ-ਪਿਤਾ ਕੈਨੇਡਾ ਜਾਣਗੇ, ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।