ਜਲੰਧਰ ਵਿਚ ਸ਼ਾਹਕੋਟ ਹਲਕੇ ਤੋਂ ਕਾਂਗਰਸ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਜਸਮੇਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਸਮੇਰ ਸਿੰਘ ਆਪਣੇ ਇਕ ਦੋਸਤ ਨਾਲ ਪਹਾੜੀ ਇਲਾਕੇ ਵਿਚ ਰਾਈਡਿੰਗ ਲਈ ਗਿਆ ਸੀ ਜਿਥੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਸੰਤੋਖ ਸਿੰਘ ਨੇ ਦੱਸਿਆ ਕਿ ਜਸਮੇਰ ਸਿੰਘ ਆਪਣੇ ਦੋਸਤ ਅਮਨਦੀਪ ਸਿੰਘ ਕਾਹਲੋਂ ਵਾਸੀ ਅੰਮ੍ਰਿਤਸਰ ਨਾਲ ਰਾਈਡਿੰਗ ਲਈ ਪਹਾੜਾਂ ‘ਤੇ ਗਿਆ ਸੀ। ਜਦੋਂ ਉਹ ਰਾਈਡ ਦੇ ਬਾਅਦ ਵਾਪਸ ਪਰਤ ਰਹੇ ਸਨ ਤਾਂ ਬਾਈਕ ਦਾ ਸੰਤੁਲਨ ਵਿਗੜਨ ਨਾਲ ਦੋਵੇਂ 300 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੇ। ਦੋਵਾਂ ਨੂੰ ਏਅਰ ਐਂਬੂਲੈਂਸ ਨਾਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਜਸਮੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਗੰਭੀਰ ਤੌਰ ‘ਤੇ ਜ਼ਖਮੀ ਅਮਨਦੀਪ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ।
ਪਰਿਵਾਰ ਮੁਤਾਬਕ ਜਸਮੇਰ ਸਿੰਘ ਦੀ ਪਤਨੀ ਤੇ ਬੱਚੇ ਭਾਰਤ ਆਏ ਸਨ ਤੇ ਕੈਨੇਡਾ ਪਰਤਣ ਲਈ ਦਿੱਲੀ ਏਅਰਪੋਰਟ ‘ਤੇ ਸਨ। ਜਿਥੇ ਉਨ੍ਹਾਂ ਨੂੰ ਜਸਮੇਰ ਸਿੰਘ ਦੀ ਮੌਤ ਦੀ ਖਬਰ ਮਿਲੀ। ਉਨ੍ਹਾਂ ਕਿਹਾ ਕਿ ਜਸਮੇਰ ਸਿੰਘ ਦਾ ਅੰਤਿਮ ਸਸਕਾਰ ਸਾਹਲਾ ਨਗਰ, ਮਲਸੀਆਂ ਸ਼ਾਹਕੋਟ ਵਿਚ ਹੋਵੇਗਾ। ਜਲਦ ਜਸਮੇਰ ਦੀ ਦੇਹ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਸਿੱਖ ਰੀਤੀ-ਰਿਵਾਜਾਂ ਮੁਤਾਬਕ ਉਸ ਦਾ ਸਸਕਾਰ ਕੀਤਾ ਜਾਵੇਗਾ।