ਰਾਜਸਥਾਨ ਦੇ ਕੋਟਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਪਿਆਂ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਹੈ। ਮਾਪਿਆਂ ਵੱਲੋਂ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਾਂਦਾ ਹੈ ਤੇ ਜਿਥੇ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਮਾਸੂਮ ਦੀ ਉਮਰ ਮਹਿਜ਼ 3 ਸਾਲ ਦੱਸੀ ਜਾ ਰਹੀ ਹੈ।

ਮ੍ਰਿਤਕ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ ਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਜਾਂਦੇ ਹਨ। ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਹਨ। ਭੰਗੜਾ ਪਾਉਂਦੇ ਹਨ ਤੇ ਪਕੌੜੇ ਖਾਧੇ ਹਨ। ਇਸ ਦੌਰਾਨ ਕੋਈ ਉਨ੍ਹਾਂ ਨੂੰ ਜਵਾਕੜੀ ਬਾਰੇ ਪੁੱਛਦਾ ਹੈ ਤਾਂ ਉਨ੍ਹਾਂ ਨੂੰ ਸੁੱਧ ਆਉਂਦੀ ਹੈ।
ਇਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਫਿਰ ਜਦੋਂ ਕਾਰ ਦੇ ਨੇੜੇ ਜਾਂਦੇ ਹਨ ਤਾਂ ਪਿਛਲੀ ਸੀਟ ‘ਤੇ ਕੁੜੀ ਬੇਹੋਸ਼ ਪਈ ਹੁੰਦੀ ਹੈ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਤਰ੍ਹਾਂ ਮਾਪਿਆਂ ਦੀ ਛੋਟੀ ਜਿਹੀ ਲਾਪ੍ਰਵਾਹੀ ਉਨ੍ਹਾਂ ਨੂੰ ਬਹੁਤ ਹੀ ਭਾਰੀ ਪੈ ਗਈ ਤੇ ਉਨ੍ਹਾਂ ਦੀ ਧੀ ਹਮੇਸ਼ਾ ਲਈ ਜਹਾਨੋਂ ਤੁਰ ਗਈ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।