ਚੰਡੀਗੜ੍ਹ : ਟਰੈਵਲ ਏਜੰਟਾਂ ਨੂੰ 60-60 ਲੱਖ ਰੁਪਏ ਦੇ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਜਾਨ ’ਤੇ ਵੀ ਬਣ ਆਉਂਦੀ ਹੈ ਅਤੇ ਕੁਝ ਹਫ਼ਤੇ ਦਾ ਸਫਰ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਬਣ ਕੇ ਰਹਿ ਜਾਂਦਾ ਹੈ। ਬਿਲਕੁਲ ਇਸੇ ਕਿਸਮ ਦਾ ਘਟਨਾਕ੍ਰਮ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨਾਲ ਵਾਪਰਿਆ ਜੋ ਡੌਂਕੀ ਰੂਟ ਰਾਹੀਂ ਅਮਰੀਕਾ ਰਵਾਨਾ ਹੋਏ ਪਰ ਸਪੇਨ ਦੇ ਜੰਗਲਾਂ ਵਿਚ ਕਈ ਦਿਨ ਭੁੱਖਣ-ਭਾਣੇ ਰਹਿਣਾ ਪਿਆ ਅਤੇ ਲੁਟੇਰਿਆਂ ਨੇ ਸਭ ਕੁਝ ਲੁੱਟ ਲਿਆ। ਮੀਡੀਆ ਰਿਪੋਰਟ ਮੁਤਾਬਕ ਗਗਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਗਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਹਡਬੀਤੀ ਸੁਣਾਉਂਦਿਆਂ ਦੱਸਿਆ ਕਿ ਬਿਹਤਰ ਭਵਿੱਖ ਦੀ ਭਾਲ ਵਿਚ ਉਨ੍ਹਾਂ ਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਪਰ ਡੌਂਕੀ ਰੂਟ ਐਨਾ ਬਦਤਰ ਹੋਵੇਗਾ, ਕਦੇ ਸੋਚਿਆ ਵੀ ਨਹੀਂ ਸੀ। ਸਪੇਨ ਦੇ ਜੰਗਲਾਂ ਵਿਚ ਇਕ ਹਫਤਾ ਅੱਧਾ ਅੱਧਾ ਬਿਸਕੁਟ ਖਾ ਕੇ ਕੱਢਿਆ। ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਲਏ ਅਤੇ ਪੈਰਾਂ ਵਿਚੋਂ ਜੁੱਤੀ ਵੀ ਲਾਹ ਕੇ ਲੈ ਗਏ।
ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਟਰੈਵਲ ਏਜੰਟ ਨੇ 35-35 ਲੱਖ ਰੁਪਏ ਵਿਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ। ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਜ਼ਮੀਨ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਰਕਮ ਦਾ ਪ੍ਰਬੰਧ ਕੀਤਾ ਜਿਸ ਮਗਰੋਂ ਇਨ੍ਹਾਂ ਨੂੰ ਦਿੱਲੀ ਤੋਂ ਸਰਬੀਆ ਅਤੇ ਫਿਰ ਆਸਟਰੀਆ ਲਿਜਾਣ ਦੀ ਗੱਲ ਆਖੀ ਗਈ ਪਰ ਕਰਦੇ ਕਰਾਉਂਦੇ ਸਪੇਨ ਪੁੱਜ ਗਏ ਅਤੇ ਏਜੰਟ ਨੇ ਅਮਰੀਕਾ ਦੇ ਵਰਕ ਵੀਜ਼ਾ ਦਾ ਪ੍ਰਬੰਧ ਕਰਨ ਦਾ ਭਰੋਸਾ ਦਿਤਾ। ਚਾਰੇ ਨੌਜਵਾਨ ਇਕ ਮਹੀਨੇ ਤੱਕ ਸਪੇਨ ਵਿਚ ਹੀ ਫਸੇ ਰਹੇ ਅਤੇ ਕਿਸੇ ਤਰੀਕੇ ਨਾਲ ਆਪਣੇ ਘਰ ਫੋਨ ਕਰ ਕੇ ਹਾਲਾਤ ਬਾਰੇ ਦੱਸਿਆ। ਨੌਜਵਾਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਮਿਲਣ ਤੋਂ ਨਾਂਹ ਕਰ ਦਿਤੀ ਅਤੇ ਕਿਸੇ ਦਾ ਗੱਲ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿਤਾ। ਸਿਰਫ ਐਨਾ ਹੀ ਨਹੀਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ 25-25 ਲੱਖ ਰੁਪਏ ਦੀ ਹੋਰ ਮੰਗ ਕਰ ਦਿਤੀ। ਇਨ੍ਹਾਂ ਪੰਜਾਬੀ ਨੌਜਵਾਨਾਂ ਵਰਗੇ ਪਤਾ ਨਹੀਂ ਕਿੰਨੇ ਜਣੇ ਪਨਾਮਾ ਜਾਂ ਗੁਆਟੇਮਾਲਾ ਦੇ ਜੰਗਲਾਂ ਵਿਚ ਦਮ ਤੋੜ ਦਿੰਦੇ ਹਨ ਅਤੇ ਪਿੱਛੇ ਮਾਪਿਆਂ ਤੱਕ ਕੋਈ ਖਬਰ ਨਹੀਂ ਪੁੱਜਦੀ। ਉਧਰ ਪਟਿਆਲਾ ਦੇ ਐਸ.ਐਸ.ਪੀ. ਨਾਨਕ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।