ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਕਾਨੂੰਨ ਨੂੰ ਕਿਸੇ ਵੀ ਕੀਮਤ ‘ਤੇ ਵਾਪਿਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਵਿੱਚ ਬੇਅਦਬੀ ਦਾ ਕਾਨੂੰਨ ਹੈ ਪਰ ਬਾਦਲ ਪਰਿਵਾਰ ਕੋਲ ਨਹੀਂ ਹੈ।
ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਸਹੁੰ ਤੋਂ ਪਹਿਲਾਂ ਹੀ ਬੰਗਾਲ ਸੜਨ ਲੱਗਾ ਹੈ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਬੰਬ ਧਮਾਕਿਆਂ ਅਤੇ ਈਡੀ ਦੇ ਛਾਪਿਆਂ ਰਾਹੀਂ ਚੋਣਾਂ ਦੀ ਤਿਆਰੀ ਕਰਦੀ ਹੈ।
ਸਾਨੂੰ ਭਾਜਪਾ ਦੇ ਮਾਣਹਾਨੀ ਨੋਟਿਸਾਂ ਦੀ ਚਿੰਤਾ ਨਹੀਂ ਹੈ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਕੋਝੀਆਂ ਚਾਲਾਂ ਬੰਦ ਕਰੇ ਨਹੀਂ ਤਾਂ ਪੰਜਾਬ ਵਾਸੀ ਕਰੜਾ ਜਵਾਬ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਫ਼ਰਤ ਨਹੀਂ ਵਧ ਸਕਦੀ। ਇੱਥੇ ਆਪਸੀ ਭਾਈਚਾਰਾ ਮਜ਼ਬੂਤ ਹੈ, ਭਾਜਪਾ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ।
ਮਾਨ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਦੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਨਾਲ ਹੋ ਰਹੀ ਬੇਇਨਸਾਫੀ ਦਾ ਪੰਜਾਬ ਵਾਸੀ ਕਰੜਾ ਜਵਾਬ ਦੇਣਗੇ। ਭਾਜਪਾ ਦੀ ਕਾਰਜਪ੍ਰਣਾਲੀ ‘ਤੇ ਤਿੱਖੀ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਭਾਜਪਾ ਬੰਬ ਧਮਾਕੇ, ਮਾਣਹਾਨੀ ਨੋਟਿਸ ਅਤੇ ਈਡੀ ਦੇ ਛਾਪੇ ਵਰਗੀਆਂ ਚਾਲਾਂ ਚਲਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਾਣਹਾਨੀ ਦੇ ਨੋਟਿਸ ਭੇਜ ਕੇ ਸਾਨੂੰ ਡਰਾਉਣਾ ਚਾਹੁੰਦੀ ਹੈ, ਪਰ ਸਾਨੂੰ ਇਨ੍ਹਾਂ ਦੀ ਕੋਈ ਚਿੰਤਾ ਨਹੀਂ ਹੈ।ਮੋਦੀ ਸਰਕਾਰ ਆਪਣੀ ਤਾਨਾਸ਼ਾਹੀ ਅਤੇ ਅਜਿਹੀਆਂ ਸਸਤੀਆਂ ਚਾਲਾਂ ਬੰਦ ਕਰੇ।
