ਕੀਵ : ਰੂਸ ਨੇ ਪਿਛਲੇ ਚਾਰ ਮਹੀਨਿਆਂ ’ਚ ਸਭ ਤੋਂ ਵੱਡਾ ਹਮਲਾ ਕਰਦਿਆਂ ਯੂਕਰੇਨ ਦੇ ਪੰਜ ਸ਼ਹਿਰਾਂ ’ਤੇ 40 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ। ਹਮਲਿਆਂ ’ਚ 31 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 154 ਵਿਅਕਤੀ ਜ਼ਖ਼ਮੀ ਹੋ ਗਏ। ਯੂਕਰੇਨ ਦੀ ਰਾਜਧਾਨੀ ਕੀਵ ’ਚ ਬੱਚਿਆਂ ਦੇ ਇਕ ਹਸਪਤਾਲ ’ਤੇ ਵੀ ਹਮਲਾ ਹੋਇਆ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੱਸਿਆ ਕਿ ਰੂਸੀ ਮਿਜ਼ਾਈਲਾਂ ਨੇ ਇਮਾਰਤਾਂ ਅਤੇ ਜਨਤਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਇਹੋਰ ਕਲੀਮੇਂਕੋ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ’ਤੇ ਸੋਮਵਾਰ ਸਵੇਰੇ ਹੋਏ ਹਮਲੇ ’ਚ 20 ਵਿਅਕਤੀ ਮਾਰੇ ਗਏ ਅਤੇ ਕਰੀਬ 50 ਹੋਰ ਜ਼ਖ਼ਮੀ ਹੋ ਗਏ ਹਨ। ਪ੍ਰਸ਼ਾਸਕੀ ਮੁਖੀ ਓਲੈਗਜ਼ੈਂਡਰ ਵਿਲਕੁਲ ਨੇ ਕਿਹਾ ਕਿ ਕ੍ਰਿਵੀ ਰੀਹ ’ਚ 10 ਮੌਤਾਂ ਹੋਈਆਂ ਅਤੇ 31 ਵਿਅਕਤੀ ਜ਼ਖ਼ਮੀ ਹੋਏ ਹਨ। ਦਿਨਪ੍ਰੋਪੇਤਰੋਵਸਕ ਖ਼ਿੱਤੇ ’ਚ ਵੀ ਧਮਾਕੇ ਸੁਣੇ ਗਏ। ਕੀਵ ’ਚ ਓਖਮਾਤਡਿਟ ਬੱਚਿਆਂ ਦੇ ਹਸਪਤਾਲ ਦਾ ਇਕ ਵਿੰਗ ਅੰਸ਼ਕ ਤੌਰ ’ਤੇ ਡਿੱਗ ਗਿਆ ਜਿਸ ਦੇ ਮਲਬੇ ਹੇਠਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ੈਲੇਂਸਕੀ ਨੇ ਕਿਹਾ ਕਿ ਦੁਨੀਆ ਨੂੰ ਹਮਲੇ ਬਾਰੇ ਹੁਣ ਚੁੱਪ ਰਹਿਣ ਦੀ ਨਹੀਂ ਇਹ ਦੇਖਣ ਦੀ ਲੋੜ ਹੈ ਕਿ ਰੂਸ ਕੀ ਕੁੱਝ ਕਰ ਰਿਹਾ ਹੈ।