ਹੈਲੀਫੈਕਸ: ਕੈਨੇਡਾ ਦੇ ਹੈਲੀਫੈਕਸ ਨੇੜੇ ਇੱਕ 23 ਸਾਲਾ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਮਗਰੋਂ ਨਵਜੰਮੇ ਬੱਚੇ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਬਾਅਦ ਵਿੱਚ ਬੱਚੇ ਦੇ ਅਵਸ਼ੇਸ਼ ਇੱਕ ਜੰਗਲੀ ਇਲਾਕੇ ਵਿੱਚੋਂ ਬਰਾਮਦ ਕੀਤੇ ਗਏ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਬੱਚੇ ਦੀ ਮਾਂ ਦੇ ਰਿਸ਼ਤੇਦਾਰ 23 ਸਾਲਾ ਸੁਖਪ੍ਰੀਤ ਸਿੰਘ ਅਤੇ ਉਸ ਦੀ 26 ਸਾਲਾ ਪਤਨੀ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ‘ਤੇ ਬੱਚੇ ਦੀ ਦੇਹ ਲੁਕਾਉਣ, ਜਾਂਚ ਵਿੱਚ ਰੁਕਾਵਟ ਪੈਦਾ ਕਰਨ ਅਤੇ ਮ੍ਰਿਤਕ ਦੇਹ ਖੁਰਦ-ਬੁਰਦ ਕਰਨ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਨੂੰ ਵੀਡੀਓ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਮਾਂ ਹਸਪਤਾਲ ‘ਚ ਦਾਖ਼ਲ, ਬੱਚਾ ਨਹੀਂ ਸੀ ਨਾਲ
ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ 23 ਸਾਲਾ ਮਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀਆਂ ਨੂੰ ਲੱਗਾ ਕਿ ਉਸ ਨੇ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ, ਪਰ ਉਸ ਦੇ ਨਾਲ ਕੋਈ ਬੱਚਾ ਨਹੀਂ ਸੀ। ਇਸ ਤੋਂ ਬਾਅਦ ਹਸਪਤਾਲ ਸਟਾਫ਼ ਵੱਲੋਂ ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।
ਵਿਲੇਟ ਸਟਰੀਟ ਸਥਿਤ ਅਪਾਰਟਮੈਂਟ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜਾਂਚ ਦੌਰਾਨ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ। ਹਫ਼ਤੇ ਦੇ ਅਖੀਰ ਤੱਕ 60 ਤੋਂ ਵੱਧ ਖੋਜ ਅਤੇ ਬਚਾਅ ਕਰਮਚਾਰੀ ਬੱਚੇ ਦੀ ਭਾਲ ਵਿੱਚ ਜੁਟੇ ਰਹੇ।
ਜੰਗਲੀ ਇਲਾਕੇ ‘ਚ ਮਿਲੇ ਬੱਚੇ ਦੇ ਅਵਸ਼ੇਸ਼
ਪੁਲਿਸ ਨੂੰ ਪੁੱਛਗਿੱਛ ਦੌਰਾਨ ਇੱਕ ਹੋਰ ਥਾਂ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਐਤਵਾਰ ਦੁਪਹਿਰ ਗੁੱਡਵੁੱਡ ਇਲਾਕੇ ਦੇ ਇੱਕ ਜੰਗਲੀ ਖੇਤਰ ਵਿੱਚ ਨਵਜੰਮੇ ਬੱਚੇ ਦੇ ਅਵਸ਼ੇਸ਼ ਬਰਾਮਦ ਕੀਤੇ ਗਏ। ਇਹ ਥਾਂ ਉਸ ਅਪਾਰਟਮੈਂਟ ਤੋਂ ਲਗਭਗ 10 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ਅੱਗੇ ਵਧਣ ਨਾਲ ਹੋਰ ਦੋਸ਼ ਵੀ ਜੋੜੇ ਜਾ ਸਕਦੇ ਹਨ।
ਮੌਤ ਦੇ ਕਾਰਨਾਂ ਦੀ ਜਾਂਚ ਜਾਰੀ
ਮਾਂ ਦੀ ਹਾਲਤ ਸੋਮਵਾਰ ਤੱਕ ਵੀ ਨਾਜ਼ੁਕ ਬਣੀ ਹੋਈ ਸੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਸਿਹਤ ਕਿਸੇ ਹਿੰਸਕ ਘਟਨਾ ਨਾਲ ਸਬੰਧਤ ਨਹੀਂ ਮੰਨੀ ਜਾ ਰਹੀ। ਇਸ ਦੌਰਾਨ ਮੈਡੀਕਲ ਜਾਂਚ ਰਾਹੀਂ ਬੱਚੇ ਦੀ ਪਛਾਣ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ ਕਿ ਇਹ ਮਾਮਲਾ ਜਾਂਚ ਅਧਿਕਾਰੀਆਂ ਅਤੇ ਭਾਈਚਾਰੇ ਲਈ ਬਹੁਤ ਹੀ ਭਾਵੁਕ ਅਤੇ ਪਰੇਸ਼ਾਨ ਕਰਨ ਵਾਲਾ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਖੁਦ ਮਾਪੇ ਹਨ। ਜਾਂਚ ਟੀਮ ਪੂਰੀ ਤਨਦੇਹੀ ਨਾਲ ਸੱਚ ਸਾਹਮਣੇ ਲਿਆਉਣ ਲਈ ਕੰਮ ਕਰ ਰਹੀ ਹੈ।
