ਹਰਿਆਣਾ ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੂੰ ਜਿੱਤ ਦੀ ਵਧਾਈ ਦਿੰਦਿਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਨੂੰ ਦੇਸ਼ ਤੇ ਸੂਬੇ ਦੇ ਵਿਕਾਸ ਲਈ ਭਾਜਪਾ ’ਤੇ ਹੀ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਨਾਲ ਉਮੀਦ ਜਾਗ ਗਈ ਹੈ ਕਿ ਹੁਣ ਪੰਜਾਬ ’ਚ ਵੀ ਬੀ.ਜੇ.ਪੀ. ਦੀ ਸਰਕਾਰ ਆਵੇਗੀ। ਗੱਲਬਾਤ ਕਰਦਿਆਂ ਅਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ, ‘‘ਹੁਣ ਮੈਂ ਕਹਾਂਗਾ ਕਿ ਅੱਜ ਪੰਜਾਬ ਦੇ ਬੀ.ਜੇ.ਪੀ. ਦੇ ਵਰਕਰਾਂ ਨੂੰ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਹਰਿਆਣੇ ’ਚ ਆਉਣ ਦਾ ਮਤਲਬ ਪੰਜਾਬ ’ਚ ਬੀ.ਜੇ.ਪੀ. ਆ ਗਈ, ਕਿਉਂਕਿ ਦੋਹਾਂ ਸੂਬਿਆਂ ਦੇ ਲੋਕਾਂ ਦਾ ਇਕੋ ਜਿਹੇ ਕੰਮ ਹਨ। ਇਕੋ ਜਿਹੀ ਬੋਲੀ ਹੈ। ਇਕੋ ਸਾਡੀ ਭਾਸ਼ਾ ਹੈ। ਇਕੋ ਸਾਡੇ ਰੰਗ ਰੂਪ ਨੇ ਤੇ ਇਕੋ ਹੀ ਅਸੀਂ ਕਿਸਾਨ, ਜਵਾਨ, ਪਹਿਲਵਾਨ, ਕਬੱਡੀ ਸਭ ਸਾਡੀ ਇਕ ਚੀਜ਼ ਹੈ।

ਹਰਿਆਣਾ ਨੇ ਜਦੋਂ ਫੈਸਲਾ ਕਰ ਲਿਆ, ਛੋਟੇ ਭਰਾ ਨੇ ਤਾਂ ਵੱਡਾ ਭਰਾ ਵੀ ਹੁਣ ਛੋਟੇ ਭਰਾ ਦੀ ਮੰਨੇਗਾ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਵੀ ਬੀ.ਜੇ.ਪੀ. ਨੂੰ ਸੂਬੇ ’ਚ ਬੁਲਾਵੇਗਾ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਵਿਕਸਿਤ ਪੰਜਾਬ ਦੇਸ਼ ਦਾ ਇਕ ਅਨਿੱੜਵਾਂ ਅੰਗ ਬਣ ਕੇ ਤਰੱਕੀ ਕਰੇਗਾ। ਇਕੱਲੀ ਖੇਤੀ ਨਹੀਂ ਖੇਤੀ ਤੋਂ ਇਲਾਵਾ ਜਿਹੜੇ ਸਾਡੇ ਕਿਸਾਨਾਂ ਦੇ ਮੁੰਡੇ ਉਹ ਸੀ.ਈ.ਓ. ਬਣਨਗੇ ਬੜੀਆਂ-ਬੜੀਆਂ ਕੰਪਨੀਆਂ ਦੇ।’’

ਉਨ੍ਹਾਂ ਕਿਹਾ, ‘‘ਇਹ ਜਿੱਤ ਜਿਹੜੀ ਇੱਕੋ ਗੱਲ ਬਦੌਲਤ ਮਿਲੀ ਹੈ ,ਉਹ ਹੈ ਵਿਕਸਿਤ ਭਾਰਤ ਦੀ ਕੰਮ ਦੀ ਮੋਹਰ ਲੋਕਾਂ ਨੇ ਲਾਈ ਹੈ। ਰਾਹੁਲ ਗਾਂਧੀ ਜੀ ਇਹ ਤਾਂ ਖੜਗੇ ਵਰਗੇ ਵੱਡੇ ਲੀਡਰ ਮਾੜਾ ਮੋਟਾ ਬਚਾਅ ਕਰ ਗਏ ਕੁੱਝ ਸੀਟਾਂ ਜਿੱਤ ਗਏ। ਇਹ ਤਾਂ ਟੀ.ਵੀ. ’ਤੇ ਕਿਸੇ ਨੂੰ ਬਹਿਸ ’ਚ ਹਿੱਸਾ ਨਹੀਂ ਲੈਣ ਦਿੰਦੇ ਸਨ। 6 ਸੀਟਾਂ ਜੰਮੂ ਕਸ਼ਮੀਰ ’ਚ ਜਿੱਤੀਆਂ ਇਨ੍ਹਾਂ ਨੇ। ਫਾਰੂਕ ਅਤੇ ਅਮਰ ਅਬਦੁੱਲਾ ਕਹਿੰਦੇ ਰਹੇ ਕਿ ਰਾਹੁਲ ਜੀ ਇੱਥੇ ਆ ਕੇ ਚੋਣ ਪ੍ਰਚਾਰ ਕਰੋ ਪਰ ਉਨ੍ਹਾਂ ਨੇ ਨਹੀਂ ਕੀਤਾ।

ਇਸ ਕਰਕੇ ਅੱਜ ਉਨ੍ਹਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ‘ਜਿੱਤ ਲਈ ਤੁਸੀਂ ਕਾਂਗਰਸ ਪਾਰਟੀ ਦਾ ਧਨਵਾਦ ਕਰਦੇ ਹੋ’ ਤਾਂ ਉਹ ਕਹਿੰਦੇ ਕਿ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ। ਕਾਂਗਰਸ ਦਾ ਨਾਂ ਨਹੀਂ ਲਿਆ। ਕਾਂਗਰਸ ਦੀ ਤਾਂ ਪੂਰੀ ਛੁੱਟੀ ਹੋ ਗਈ ਹੈ। ਇਕ ਹੋਰ ਗੱਲ, ਜਿੱਥੇ-ਜਿੱਥੇ ਰਾਹੁਲ ਗਾਂਧੀ ਚੋਣ ਪ੍ਰਚਾਰ ਕਰਨ ਗਏ ਨੇ, ਜਿੱਥੇ-ਜਿੱਥੇ ਇਨ੍ਹਾਂ ਨੇ ਜਲੇਬੀ ਬਣਾਈ ਆ ਉਥੇ ਕਾਂਗਰਸ ਪਾਰਟੀ ਹਾਰ ਗਈ।’’

ਹਰਿਆਣਾ ’ਚ ਜਿਤ ਦਾ ਅਸਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣ ਦੇ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਂ ਤਾਂ 100% ਕਹਿੰਦਾ ਹਾਂ ਕਿ ਪਵੇਗਾ। ਬਿਲਕੁਲ ਬੀ.ਜੇ.ਪੀ. ਦੀ ਸਰਕਾਰ ਪੰਜਾਬ ’ਚ ਬਣੇਗੀ। ਮੈਂ ਜਿੰਮੇਦਾਰੀ ਨਾਲ ਕਹਿ ਸਕਦਾ ਹਾਂ। ਉਹ ਇਸ ਕਰਕੇ ਬਣੇਗੀ ਕਿ ਅਸੀਂ ਪੰਜਾਬ ਨੂੰ ਵਿਕਸਿਤ ਬਣਾਉਣਾ ਹੈ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਦੇਖ ਲਿਆ, ਆਮ ਆਦਮੀ ਪਾਰਟੀ ਨੂੰ ਦੇਖ ਲਿਆ, ਕਾਂਗਰਸ ਦਾ ਰਾਜ ਦੇਖ ਲਿਆ। ਰਹਿ ਕਿਹੜੀ ਗਈ? ਮੋਦੀ ਹੈ ਤਾਂ ਮੁਮਕਿਨ ਹੈ। ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਸਭ ਨੇ ਪੰਜਾਬ ’ਤੇ ਕਰਜ਼ਾ ਚੜ੍ਹਾਇਆ ਹੋਇਆ ਹੈ।

ਇਨ੍ਹਾਂ ਦਾ ਨਸ਼ਾ, ਇਨ੍ਹਾਂ ਦਾ ਅਪਣਾ ਗੈਂਗਸਟਰਵਾਦ, ਇਨ੍ਹਾਂ ਦੀ ਗੁੰਡਾਗਰਦੀ। ਜੇਕਰ ਬੀ.ਜੇ.ਪੀ. ਪੰਜਾਬ ’ਚ ਆ ਗਈ ਤਾਂ ਪੰਜਾਬ ’ਚ ਕੋਈ ਗੈਂਗਸਟਰ ਨਹੀਂ ਰਹੇਗਾ। ਪੰਜਾਬ ’ਚ ਕੋਈ ਚਿੱਟਾ ਨਹੀਂ ਰਹੇਗਾ। ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿੰਦਾ ਕਿ ਜਿਸ ਦਿਨ ਬੀ.ਜੇ.ਪੀ. ਆ ਗਈ ਦੋ ਮਹੀਨੇ ’ਚ ਪੰਜਾਬ ’ਚ ਜੇ ਕੋਈ ਗੈਂਗਸਟਰ ਲੱਭ ਗਿਆ ਜਾਂ ਕੋਈ ਚਿੱਟੇ ਵਾਲਾ ਜਾਂ ਮਿਲ ਗਿਆ ਤਾਂ ਦਸਿਉ। ਇਹ ਸੋਚ ਹੋਣੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ ਹੈ ਬਦਲਣ ਦੀ। ਇਨ੍ਹਾਂ ਨੂੰ ਨਾ ਤੀਰ ਵਰਗੇ ਸਿੱਧੇ ਕਰ ਦਿਤਾ ਤਾਂ ਕਹਿਣਾ। ਪੰਜਾਬ ਤਾਂ ਯੋਧਿਆਂ ਦੀ ਧਰਤੀ ਹੈ, ਸੂਰਬੀਰਾਂ ਦੀ ਧਰਤੀ ਹੈ, ਤੇ ਗੁਰੂਆਂ ਪੀਰਾਂ-ਪੈਗੰਬਰਾਂ ਦਾ ਅਸ਼ੀਰਵਾਦ ਹੈ ਪੰਜਾਬ ਨੂੰ। ਪੰਜਾਬ ਇਨ੍ਹਾਂ ਨੇ ਮਾਰਿਆ। ਜਿਸ ਦਿਨ ਇਹ ਪਰੇ ਕਰ ਦਿਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੁਬਾਰਾ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣੂ ਤੇ ਉਹ ਮੈਂ ਬਣਵਾ ਕੇ ਛੱਡਾਂਗਾ।’’

ਹਰਿਆਣਾ ’ਚ ਜਿੱਤ ਦਰਜ ਕਰਨ ਬਾਰੇ ਉਨ੍ਹਾਂ ਕਿਹਾ, ‘‘ਇਸ ਜਿੱਤ ਨਾਲ ਇਕ ਹੀ ਫਰਕ ਪਤਾ ਲੱਗਦਾ ਹੈ। ਉਹ ਇਹ ਹੈ ਕਿ ਅਸਲੀ ਜਲੇਬੀ ਦੇਸੀ ਘਿਓ ਵਾਲੀ ਬੀ.ਜੇ.ਪੀ. ਹੈ ਅਤੇ ਜਿਹੜੀ ਫੈਕਟਰੀ ’ਚ ਬਣਨ ਵਾਲੀ ਉਹ ਹੈ ਕਾਂਗਰਸ। ਇਹ ਫ਼ਰਕ ਹਰਿਆਣੇ ਵਾਲੇ ਸਾਰੇ ਸਮਝਦੇ ਨੇ। ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਕਿ ਕਿਹੜੀ ਜਲੇਬੀ ਫੈਕਟਰੀ ’ਚ ਬਣਦੀ ਹੈ ਤੇ ਕਿਹੜੇ ਹਲਵਾਈ ਦੇ ਬਣਦੀ ਹੈ, ਉਹ ਸਾਡੇ ਹਰਿਆਣੇ ਬਾਰੇ ਕੀ ਜਾਣਦਾ ਹੋਵੇਗਾ।’’

ਉਨ੍ਹਾਂ ਅੱਗੇ ਕਿਹਾ, ‘‘ਦੂਜੀ ਗੱਲ ਇਨ੍ਹਾਂ ਨੇ ਡਰਾਮਾ ਇਹ ਕੀਤਾ ਕਿ ਮੋਦੀ ਜੀ ਸੰਵਿਧਾਨ ਬਦਲ ਦੇਣਗੇ, ਕਿ ਓ.ਬੀ.ਸੀ. ਦਾ ਹੱਕ ਖੋਹ ਲਿਆ ਜਾਵੇਗਾ। ਪਰ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਨੇ ਪਹਿਲੇ ਦਿਨ ਸੰਵਿਧਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਮੈਂ ਤਿੰਨ ਗੁਣਾ ਕੰਮ ਕਰ ਕੇ ਵਿਖਾਵਾਂਗਾ। ਉਨ੍ਹਾਂ ਨੇ 100 ਦਿਨਾਂ ’ਚ ਜੋ ਕੰਮ ਕਰ ਕੇ ਵਿਖਾਏ ਉਸ ਦਾ ਨਤੀਜਾ ਆ ਗਿਆ। ਲੋਕਾਂ ਨੇ ਵੇਖ ਲਿਆ ਕਿ ਸੰਵਿਧਾਨ ਦੀ ਰਾਖੀ ਕਰਨ ਵਾਲਾ, ਸੰਵਿਧਾਨ ਦੇ ਦਿਖਾਏ ਰਾਸਤੇ ’ਤੇ ਚੱਲਣ ਵਾਲਾ ਕੌਣ ਹੈ, ਉਹ ਮੋਦੀ ਜੀ ਹਨ।’’