80 ਮੀਟਰ ਹਰਡਲਜ਼, ਹਾਈ ਜੰਪ ਅਤੇ ਪੋਲ ਵਾਲਟ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਡਰਬੀ, ਇੰਗਲੈਂਡ : ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਹੋਈ ਬ੍ਰਿਟਿਸ਼ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਕੋਵੈਂਟਰੀ ਵਾਸੀ ਪੰਜਾਬੀ ਮੂਲ ਦੇ ਸੀਨੀਅਰ ਅਥਲੀਟ ਰਸ਼ਪਾਲ ਸਿੰਘ ਸੇਖਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨ ਤਗਮੇ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ।
70 ਤੋਂ 74 ਸਾਲ ਉਮਰ ਵਰਗ ਵਿੱਚ ਹਿੱਸਾ ਲੈਂਦਿਆਂ ਰਸ਼ਪਾਲ ਸਿੰਘ ਸੇਖਾ ਨੇ 80 ਮੀਟਰ ਹਰਡਲਜ਼, ਹਾਈ ਜੰਪ ਅਤੇ ਪੋਲ ਵਾਲਟ ਤਿੰਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਆਪਣੇ ਨਾਮ ਕੀਤੇ।
ਰਸ਼ਪਾਲ ਸਿੰਘ ਸੇਖਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਾ ਨਾਲ ਸਬੰਧਤ ਹਨ। ਉਹ ਸਾਲ 2000 ਵਿੱਚ ਇੰਗਲੈਂਡ ਆ ਕੇ ਵੱਸੇ ਅਤੇ ਇਸ ਵੇਲੇ ਕੋਵੈਂਟਰੀ ਵਿਖੇ ਰਹਿ ਰਹੇ ਹਨ। ਉਮਰ ਦੇ ਇਸ ਪੜਾਅ ’ਤੇ ਵੀ ਖੇਡਾਂ ਪ੍ਰਤੀ ਉਨ੍ਹਾਂ ਦਾ ਜਜ਼ਬਾ ਅਤੇ ਲਗਾਤਾਰ ਮਿਹਨਤ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ।
ਇਸ ਤੋਂ ਪਹਿਲਾਂ ਵੀ ਰਸ਼ਪਾਲ ਸਿੰਘ ਯੂਰਪੀਅਨ ਆਊਟਡੋਰ ਅਥਲੈਟਿਕਸ ਚੈਂਪੀਅਨਸ਼ਿਪ, ਆਸਟ੍ਰੇਲੀਆ ਵਿੱਚ ਹੋਏ ਆਊਟਡੋਰ ਅਥਲੈਟਿਕਸ ਮੁਕਾਬਲਿਆਂ ਅਤੇ ਯੂ.ਏ.ਈ. ਵਿੱਚ ਹੋਈਆਂ ਇੰਟਰਨੈਸ਼ਨਲ ਮਾਸਟਰਜ਼ ਗੇਮਜ਼ ਵਿੱਚ ਹਿੱਸਾ ਲੈ ਕੇ ਕਈ ਤਗਮੇ ਜਿੱਤ ਚੁੱਕੇ ਹਨ।
ਬ੍ਰਿਟਿਸ਼ ਮਾਸਟਰਜ਼ ਅਥਲੈਟਿਕਸ ਵਿੱਚ ਇੱਕੋ ਚੈਂਪੀਅਨਸ਼ਿਪ ਦੌਰਾਨ ਤਿੰਨ ਸੋਨ ਤਗਮੇ ਜਿੱਤਣ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਰਸ਼ਪਾਲ ਸਿੰਘ ਸੇਖਾ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ।
